ਖੇਤਰੀ ਪ੍ਰਤੀਨਿਧ
ਪਟਿਆਲਾ, 4 ਮਈ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਕਰੋਨਾ ਰੋਕੂ ਟੀਕਾਕਰਨ ਦੀ ਸਮੀਖਿਆ ਲਈ ਸਿਹਤ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਮੁਖੀਆਂ ਨਾਲ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਵੈਕਸੀਨੇਸ਼ਨ ਤੋਂ ਵਾਂਝੇ ਨਾਗਰਿਕਾਂ ਦੇ ਟੀਕਾਕਰਨ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ। ਉਨ੍ਹਾਂ ਲੋਕਾਂ ਨੂੰ ਕੋਵਿਡ ਟੀਕਾ ਲਗਵਾਉਣ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ। ਮੀਟਿੰਗ ਦੌਰਾਨ ਡੀਸੀ ਨੇ ਲਾਅ ਯੂਨੀਵਰਸਿਟੀ ਵਿੱਚ ਕੋਵਿਡ ਪਾਜ਼ੇਟਿਵ ਮਾਮਲੇ ਮਿਲਣ ’ਤੇ ਯੂਨੀਵਰਸਿਟੀ ਨਾਲ ਮਿਲ ਕੇ ਵਿਦਿਆਰਥੀਆਂ ਦੀ ਸਿਹਤ ਸੰਭਾਲ ਤੇ ਟੈਸਟਿੰਗ ਸਮੇਤ ਕਰੋਨਾ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਬਚਾਅ ਲਈ ਕੀਤੇ ਜਾ ਰਹੇ ਕਾਰਜਾਂ ਤੇ ਟੈਸਟਿੰਗ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਮੁਖੀਆਂ ਨੂੰ ਹਦਾਇਤ ਕੀਤੀ ਕਿ ਕਰੋਨਾ ਦੇ ਮਾਮਲੇ ਵਧਣ ਨਾਲ ਲਾਕਡਾਊਨ ਵਰਗੀ ਸਥਿਤੀ ਦਾ ਸਾਹਮਣਾ ਮੁੜ ਕਰਨਾ ਪੈਣ ’ਤੇ ਜਿਹੜੇ ਵੀ ਲੋਕ ਲਾਜ਼ਮੀ ਸੇਵਾਵਾਂ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਲਈ ਕਾਰਜਸ਼ੀਲ ਰਹਿਣਗੇ। ਉਨ੍ਹਾਂ ਨੂੰ ਫਰੰਟਲਾਈਨ ਵਰਕਰਾਂ ਵਜੋਂ ਕਰੋਨਾ ਵੈਕਸੀਨ ਦੀ ਬੂਸਟਰ ਡੋਜ਼ ਲਗਾਈ ਜਾਣੀ ਯਕੀਨੀ ਬਣਾਈ ਜਾਵੇ।
ਡੀ.ਸੀ. ਨੇ ਸਿਹਤ ਵਿਭਾਗ ਸਮੇਤ ਸਮੁਚੇ ਵਿਭਾਗੀ ਮੁਖੀਆਂ ਤੇ ਐਸ.ਡੀ.ਐਮਜ ਨੂੰ ਕਿਹਾ ਕਿ ਕੋਵਿਡ ਟੀਕਾਕਰਨ ’ਚ ਕੋਈ ਢਿੱਲ ਮੱਠ ਨਾ ਵਰਤੀ ਜਾਵੇ। ਡਿਪਟੀ ਕਮਿਸ਼ਨਰ ਨੇ ਹਰ ਸਰਕਾਰੀ ਤੇ ਨਿਜੀ ਹਸਪਤਾਲਾਂ ਦੇ ਅਮਲੇ, ਫਰੰਟ ਲਾਈਨ ਵਰਕਰਾਂ ਤੇ ਸਰਕਾਰੀ ਵਿਭਾਗ ਦੇ ਮੁਲਾਜ਼ਮਾਂ ਦਾ ਲਾਜ਼ਮੀ ਟੀਕਾਕਰਨ ਅਤੇ ਯੋਗ ਮੁਲਾਜ਼ਮਾਂ ਨੂੰ ਬੂਸਟਰ ਡੋਜ਼ ਲਗਾਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰੈਜ਼ੀਡੈਂਸ਼ਲ ਵੈਲਫੇਅਰ ਐਸੋਸੀਏਸ਼ਨਾਂ ਨੂੰ ਟੀਕਾਕਰਨ ਕੈਂਪ ਲਗਵਾਉਣ ਲਈ ਪ੍ਰੇਰਤ ਕਰਨ। ਉਨ੍ਹਾਂ ਨੇ ਜ਼ਿਲ੍ਹੇ ਦੇ 12 ਤੋਂ 14 ਸਾਲ ਅਤੇ 15 ਤੋਂ 17 ਸਾਲ ਦੇ ਸਕੂਲੀ ਵਿਦਿਆਰਥੀਆਂ ਲਈ ਟੀਕਾਕਰਨ ਮੁਹਿੰਮ ਹੋਰ ਤੇਜ਼ ਕਰਨ ਲਈ ਕਿਹਾ। ਇਸ ਮੌਕੇ ਏਡੀਸੀ ਗੁਰਪ੍ਰੀਤ ਥਿੰਦ, ਐੱਸਡੀਐੱਮ ਚਰਨਜੀਤ ਸਿੰਘ, ਸਿਵਲ ਸਰਜਨ ਡਾ. ਰਾਜੂ ਧੀਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂ ਗੋਇਲ ਤੇ ਡਾ. ਸੁਮੀਤ ਸਿੰਘ ਮੌਜੂਦ ਸਨ।