ਮੁੱਖ ਅੰਸ਼
- ਐੱਮਸੀਐਚ ਅਤੇ ਸੁਪਰਸਪੈਸ਼ਲਿਟੀ ਬਲਾਕ ਦਾ ਵੀ ਲਿਆ ਜਾਇਜ਼ਾ
- ਧਰਨਾਕਾਰੀ ਨਰਸਿੰਗ ਅਮਲੇ ਨਾਲ ਗੱਲਬਾਤ ਕੀਤੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਅਕਤੂਬਰ
ਕੋਵਿਡ-19 ਦੀ ਸੰਭਾਵੀ ਤੀਜੀ ਲਹਿਰ ਦੇ ਮੱਦੇਨਜ਼ਰ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਐੱਮਸੀਐੱਚ ਬਲਾਕ ਦਾ ਦੌਰਾ ਕੀਤਾ। ਉੱਥੇ ਹੀ ਉਨ੍ਹਾਂ ਨੇ ਇੱਥੇ ਇਲਾਜ ਲਈ ਦਾਖਲ ਡੇਂਗੂ ਪੀੜਤ ਮਰੀਜ਼ਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਇਲਾਜ ਬਾਰੇ ਜਾਣਕਾਰ ਹਾਸਲ ਕੀਤੀ। ਡਿਪਟੀ ਕਮਿਸ਼ਨਰ ਨੇ ਇੱਥੇ ਸੁਪਰਸਪੈਸ਼ਲਿਟੀ ਬਲਾਕ ਸਮੇਤ ਰੈੱਡ ਕਰਾਸ ਦੇ ਰੈਣ ਬਸੇਰੇ ਅਤੇ ਕੰਟੀਨ ਦਾ ਨਿਰੀਖਣ ਵੀ ਕੀਤਾ ਅਤੇ ਧਰਨੇ ’ਤੇ ਬੈਠੇ ਨਰਸਿੰਗ ਅਮਲੇ ਨਾਲ ਵੀ ਗੱਲਬਾਤ ਕੀਤੀ।
ਸੰਦੀਪ ਹੰਸ ਨੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਸਿਵਲ ਸਰਜਨ ਡਾ. ਪ੍ਰਿੰਸ ਸੋਢੀ, ਮੈਡੀਸਨ ਵਿਭਾਗ ਦੇ ਮੁਖੀ ਡਾ. ਆਰ.ਪੀ.ਐੱਸ. ਸਬਿੀਆ, ਬੱਚਾ ਵਿਭਾਗ ਦੇ ਮੁਖੀ ਡਾ. ਬਲਜਿੰਦਰ ਕੌਰ ਅਤੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਵਿਨੋਦ ਡੰਗਵਾਲ ਅਤੇ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮਿਤ ਸਿੰਘ ਨਾਲ ਬੈਠਕ ਕਰ ਕੇ ਡੇਂਗੂ ਸਮੇਤ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਸਹੂਲਤਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਡੀਸੀ ਨੇ ਜਿੱਥੇ ਰੈੱਡ ਕਰਾਸ ਦੇ ਰੈਣ ਬਸੇਰੇ ਵਿਚ ਸਾਫ਼ ਸਫ਼ਾਈ ਦੇ ਪ੍ਰਬੰਧ ਪੁਖ਼ਤਾ ਕਰਨ ਦੇ ਆਦੇਸ਼ ਦਿੱਤੇ, ਉੱਥੇ ਹੀ ਉਨ੍ਹਾਂ ਨੇ ਰੈੱਡ ਕਰਾਸ ਦੀ ਕੰਟੀਨ ਦੀ ਮੁਰੰਮਤ ਕਰਵਾਉਣ ਲਈ ਆਖਿਆ। ਪ੍ਰਬੰਧਾਂ ਨੂੰ ਹੋਰ ਵਧੇਰੇ ਦਰੁਸਤ ਕਰਨ ਲਈ ਆਖਦਿਆਂ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਜਿੰਦਰਾ ਹਸਪਤਾਲ ਦੀ ਡੇਂਗੂ ਵਾਰਡ ਵਿਚ ਦਾਖਲ ਮਰੀਜ਼ਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ ਅਤੇ ਕੋਈ ਵੀ ਮਰੀਜ਼ ਖ਼ਤਰੇ ਦੀ ਸਥਿਤੀ ਵਿਚ ਨਹੀਂ ਹੈ। ਇੱਥੇ ਲੋੜੀਂਦੀਆਂ ਦਵਾਈਆਂ ਸਮੇਤ ਪਲੇਟਲੈੱਟਸ ਦੀ ਵੀ ਕੋਈ ਕਮੀ ਨਹੀਂ ਹੈ। ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੇ ਡੀ.ਸੀ. ਨੂੰ ਕਿਹਾ ਕਿ ਹਸਪਤਾਲ ਵੱਲੋਂ ਇੱਥੇ ਦਾਖਲ ਹੋਣ ਵਾਲੇ ਮਰੀਜ਼ਾਂ ਦੇ ਬਿਹਤਰ ਇਲਾਜ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਡੀਸੀ ਨੇ ਧਰਨਾਕਾਰੀ ਨਰਸਿੰਗ ਅਮਲੇ ਨਾਲ ਗੱਲ ਅਤੇ ਉਨ੍ਹਾਂ ਨੂੰ ਮਰੀਜ਼ਾਂ ਦੇ ਇਲਾਜ ਖਾਤਰ ਧਰਨਾ ਚੁੱਕਣ ਦੀ ਅਪੀਲ ਕੀਤੀ ਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪੁੱਜਦੀਆਂ ਕਰ ਕੇ ਯੋਗ ਹੱਲ ਕੱਢਿਆ ਜਾਵੇਗਾ।