ਪੱਤਰ ਪ੍ਰੇਰਕ/ ਖੇਤਰੀ ਪ੍ਰਤੀਨਿਧ
ਪਟਿਆਲਾ, 16 ਜੂਨ
ਇਥੇ ਮਾਲ ਰੋਡ ’ਤੇ ਸਥਿਤ ਪਟਿਆਲਾ ਦੀ ਰਾਜਿੰਦਰਾ ਝੀਲ ਵਿੱਚੋਂ ਬੂਟੀ ਕੱਢ ਕੇ ਇਸ ਦੀ ਸਾਫ਼ ਸਫ਼ਾਈ ਤੁਰੰਤ ਕਰਵਾਉਣ ਦੇ ਪ੍ਰਾਜੈਕਟ ਦਾ ਮੁਲੰਕਣ ਕਰਨ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਰਾਜਿੰਦਰਾ ਝੀਲ ਦੀ ਸਾਫ਼-ਸਫ਼ਾਈ ਪੱਕੇ ਤੌਰ ’ਤੇ ਕਰਨ ਲਈ ਜਲ ਨਿਕਾਸ, ਲੋਕ ਨਿਰਮਾਣ, ਨਗਰ ਨਿਗਮ ਤੇ ਪਟਿਆਲਾ ਇੰਡਸਟ੍ਰੀਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਐੱਚਪੀਐੱਸ ਲਾਂਬਾ ਸਮੇਤ ਹੋਰ ਸਬੰਧਤ ਵਿਭਾਗਾਂ ਨੇ ਸਾਂਝਾ ਪ੍ਰਾਜੈਕਟ ਉਲੀਕਿਆ ਹੈ। ਇੱਥੇ ਲੱਗੇੇ ਕੌਮੀ ਝੰਡੇ ਨੂੰ ਮੁੜ ਤੋਂ ਲਹਿਰਾ ਦਿੱਤਾ ਗਿਆ ਹੈ, ਜਦਕਿ ਝੀਲ ਦੇ ਇੱਕ ਹਿੱਸੇ ’ਚ ਸਥਾਪਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਦੇ ਆਸ ਪਾਸ ਦੇ ਖੇਤਰ ਨੂੰ ਵੀ ਹੋਰ ਸੁੰਦਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਰਾਜਿੰਦਰਾ ਝੀਲ ਦੀ ਸਫ਼ਾਈ ਪੱਕੇ ਤੌਰ ’ਤੇ ਕਰਨ ਸਮੇਤ ਇਸ ਨੂੰ ਸੁੰਦਰ ਸੈਰਗਾਹ ਵਜੋਂ ਵਿਕਸਤ ਕਰਨ ਲਈ ਚੱਲ ਰਹੀ ਪ੍ਰਕ੍ਰਿਆ ਨੂੰ ਹੋਰ ਤੇਜ਼ ਕਰਨ ਦੇ ਆਦੇਸ਼ ਦਿੱਤੇ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ, ਏਡੀਸੀ ਗੌਤਮ ਜੈਨ, ਐੱਸਡੀਐਮ ਡਾ. ਇਸਮਤ ਵਿਜੇ ਸਿੰਘ, ਐਕਸੀਐਨ ਸੰਦੀਪ ਗਰੇਵਾਲ ਅਤੇ ਐਕਸੀਐਨ ਬਾਗਬਾਨੀ ਦਲੀਪ ਕੁਮਾਰ ਮੌਜੂਦ ਸਨ।