ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਅਗਸਤ
ਪੰਜਾਬ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਤਹਿਤ ਪੀਆਰਟੀਸੀ ਮੈਨੇਜਮੈਂਟ ਵੱਲੋਂ ਪੀਆਰਟੀਸੀ ’ਚ ਕਿਲੋਮੀਟਰ ਸਕੀਮ ਅਧੀਨ 219 ਬੱਸਾਂ ਪਾਉਣ ਲਈ ਜਾਰੀ ਕੀਤੇ ਗਏ ਟੈਂਡਰ ਰੱੱਦ ਕਰਨ ਦੀ ਮੰਗ ਲਈ ‘ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ’ ਵੱਲੋਂ ਪੀਆਰਟੀਸੀ ਦੇ ਇੱਥੇ ਸਥਿਤ ਮੁੱਖ ਦਫ਼ਤਰ ਦੇ ਬਾਹਰ ਸ਼ੁਰੂ ਕੀਤਾ ਗਿਆ ਦਿਨ ਰਾਤ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਦਿਨ ਰਾਤ ਚੱੱਲਣ ਵਾਲੇ ਇਸ ਧਰਨੇ ਦੌਰਾਨ ਪੀਆਰਟੀਸੀ ਦੇ ਸਾਰੇ ਨੌਂ ਡਿੱਪੂਆਂ ਵਿੱਚੋਂ ਇੱਕ-ਇੱਕ ਨੁਮਾਇੰਦਾ ਭੁੱਖ ਹੜਤਾਲ ’ਤੇ ਵੀ ਬੈਠਾ ਹੈ।
ਭੁੱਖ ਹੜਤਾਲ ’ਤੇ ਬੈਠੇ ਆਗੂਆਂ ’ਚ ਹਰਵਿੰਦਰ ਸਿੰਘ ਪ੍ਰਧਾਨ ਚੰਡੀਗੜ੍ਹ, ਬੇਅੰਤ ਸਿੰਘ ਪਟਿਆਲਾ ਡਿੱਪੂ, ਕੁਲਵਿੰਦਰ ਸਿੰਘ (ਬਠਿੰਡਾ), ਸੁਖਵੀਰ ਸਿੰਘ ਕਪੂਰਥਲਾ, ਹਰਜਿੰਦਰ ਸਿੰਘ ਲੁਧਿਆਣਾ, ਸੁਰਜੀਤ ਸਿੰਘ ਬੁਢਲਾਡਾ, ਗੁਰਜੀਤ ਸਿੰਘ ਸੰਗਰੂਰ, ਹਰਪ੍ਰੀਤ ਸਿੰਘ ਚੰਡੀਗੜ੍ਹ ਅਤੇ ਅੰਕੁਸ਼ ਚੰਡੀਗੜ੍ਹ ਦੇ ਨਾਂ ਸ਼ਾਮਲ ਹਨ। ਇਸ ਸਬੰਧੀ ਦਫ਼ਤਰ ਦੇ ਗੇਟ ’ਤੇ ਹੀ ਪੱਕਾ ਤੰਬੂ ਗੱਡਿਆ ਹੋਇਆ ਹੈ। ਧਰਨੇ ਦੀ ਅਗਵਾਈ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਵਿੱਕੀ ਖਨਾਲ਼, ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਸੂਬਾਈ ਜੁਆਇੰਟ ਸਕੱਤਰ ਜਗਤਾਰ ਸਿੰਘ, ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਅਤੇ ਚੰਡੀਗੜ੍ਹ ਡਿੱਪੂ ਦੇ ਪ੍ਰਧਾਨ ਹਰਵਿੰਦਰ ਸਿੰਘ ਤੇ ਮੀਤ ਪ੍ਰਧਾਨ ਪਵਿੱਤਰ ਸਿੰਘ ਕਰ ਰਹੇ ਹਨ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵਿੱਕੀ ਖਨਾਲ ਅਤੇ ਹਰਵਿੰਦਰ ਚੰਡੀਗੜ੍ਹ ਸਮੇਤ ਹੋਰ ਬੁਲਾਰਿਆਂ ਦਾ ਕਹਿਣਾ ਸੀ ਕਿ ਸਰਕਾਰ ਨੇ ਭਾਵੇਂ ਨਿੱਜੀਕਰਨ ਅਤੇ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਹੋਕੇ ਤਹਿਤ ਵੋਟਾਂ ਬਟੋਰਨ ਮਗਰੋਂ ਸੱਤਾ ’ਚ ਆਈ ‘ਆਪ’ ਸਰਕਾਰ ਵੀ ਰਵਾਇਤੀ ਪਾਰਟੀਆਂ ਦੀ ਸਰਕਾਰਾਂ ਦੀ ਤਰਜ਼ ’ਤੇ ਹੀ ਚੱਲਣ ਲੱੱਗੀ ਹੈ। ਉਨ੍ਹਾਂ ਦਾ ਤਰਕ ਸੀ ਕਿ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਪਾਉਣ ਦੀ ਕਾਰਵਾਈ ਅਦਾਰੇ ਨੂੰ ਨਿੱਜੀਕਰਨ ਵੱਲ ਧੱਕਣ ਦੇ ਤੁੱਲ ਹੈ ਪਰ ਅਦਾਰੇ ਦੇ ਮੁਲਾਜ਼ਮ ਸਰਕਾਰ ਦੇ ਅਜਿਹੇ ਮਨਸੂਬੇ ਸਫ਼ਲ ਨਹੀਂ ਹੋਣ ਦੇਣਗੇ। ਬੁਲਾਰਿਆਂ ਦਾ ਕਹਿਣਾ ਸੀ ਕਿ ਕਿਲੋਮੀਟਰ ਸਕੀਮ ਤਹਿਤ ਕਈ ਕਈ ਲੱਖ ਰੁਪਏ ਪ੍ਰਾਈਵੇਟ ਫਰਮਾਂ ਨੂੰ ਦੇ ਕੇ ਵੀ ਪੀਆਰਟੀਸੀ ਬੱੱਸਾਂ ਦੀ ਮਾਲਕ ਨਹੀ ਬਣ ਸਕੇਗੀ ਪਰ ਜੇਕਰ ਪੀਆਰਟੀਸੀ ਆਪਣੀਆਂ ਬੱੱਸਾਂ ਪਾਉਂਦੀ ਹੈ, ਤਾਂ ਖਰਚਾ ਫੇਰ ਵੀ ਕਿਲੋਮੀਟਰ ਸਕੀਮ ਦੇ ਬਰਾਬਰ ਹੋ ਹੋਵੇਗਾ ਤੇ ਨਾਲ ਹੀ ਬੱਸਾਂ ਦੀ ਮਾਲਕੀ ਵੀ ਬਣੇਗੀ, ਜੋ ਕਈ-ਕਈ ਸਾਲਾਂ ਤੱਕ ਅਦਾਰੇ ਲਈ ਕਮਾਈ ਵੀ ਕਰਨਗੀਆਂ। ਹਰਕੇਸ਼ ਵਿੱਕੀ ਨੇ ਕਿਹਾ ਕਿ ਇਸ ਸਕੀਮ ਲਈ ਜਾਰੀ ਟੈਂਡਰ ਜੇਕਰ ਰੱਦ ਨਾ ਕੀਤੇ ਗਏ ਤਾਂ ਹੋਰ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸੂਬਾ ਜੁਆਇੰਟ ਖਜ਼ਾਨਚੀ ਰਮਨਦੀਪ ਸਿੰਘ ਸਮੇਤ ਕਈ ਹੋਰਾਂ ਨੇ ਵੀ ਸੰਬੋਧਨ ਕੀਤਾ।