ਗੁਰਨਾਮ ਸਿੰਘ ਅਕੀਦਾ
ਪਟਿਆਲਾ, 19 ਅਕਤੂਬਰ
ਚੌਥਾ ਦਰਜਾ ਕਾਮਿਆਂ ਦੀ ਦੋਫਾੜ ਹੋਈ ਜਥੇਬੰਦੀ ਬਾਰੇ ਕੰਟਰੋਲ ਕਮੇਟੀ ਨੇ ਅੱਜ ਯੂਨੀਅਨ ਆਗੂਆਂ ਦਰਸ਼ਨ ਸਿੰਘ ਲੁਬਾਣਾ ਤੇ ਜਗਮੋਹਨ ਨੌਲੱਖਾ ਨੂੰ ਤਾੜਨਾ ਕਰਦਿਆਂ ਕਿਹਾ ਗਿਆ ਹੈ ਕਿ ਜਦੋਂ ਤੱਕ ਕੰਟਰੋਲ ਕਮੇਟੀ ਦੀ ਮੀਟਿੰਗ ਪਟਿਆਲਾ ਵਿੱਚ ਨਹੀਂ ਹੋ ਜਾਂਦੀ, ਉਦੋਂ ਤੱਕ ਉਹ ਮੀਡੀਆ ਵਿੱਚ ਕੋਈ ਬਿਆਨ ਜਾਰੀ ਨਹੀਂ ਕਰਨਗੇ। ਦੋਹਾਂ ਆਗੂਆਂ ਨੂੰ ਸੰਜਮ ਤੋਂ ਕੰਮ ਲੈਣ ਦੀ ਅਪੀਲ ਕੀਤੀ ਗਈ ਹੈ।
‘ਪੰਜਾਬੀ ਟ੍ਰਿਬਿਊਨ’ ਵਿੱਚ ਲੱਗੀ ਰਿਪੋਰਟ ਦਾ ਹਵਾਲਾ ਦਿੰਦਿਆਂ ਚੇਅਰਮੈਨ ਸੁਖਦੇਵ ਸਿੰਘ ਸੁਰਤਾਪੁਰੀ ਨੇ ਵੱਟਸਐਪ ਸੁਨੇਹੇ ਰਾਹੀਂ ਦੋਹਾਂ ਲੀਡਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਮੀਡੀਆ ਵਿੱਚ ਜਾਣ ਵਾਲੀਆਂ ਕਾਰਵਾਈਆਂ ਯੂਨੀਅਨ ਨੂੰ ਢਾਹ ਲਾਉਣਗੀਆਂ। ਉਨ੍ਹਾਂ ਕਿਹਾ ਕਿ ਕੰਟਰੋਲ ਕਮੇਟੀ ਦੀ ਮੀਟਿੰਗ ਜਲਦੀ ਹੀ ਪਟਿਆਲਾ ਵਿੱਚ ਸੱਦੀ ਜਾਵੇਗੀ ਤੇ ਉਸ ਸਮੇਂ ਤਕ ਕੋਈ ਵੀ ਸਾਥੀ ਇੱਕ-ਦੂਜੇ ਵਿਰੁੱਧ ਕਾਰਵਾਈ ਨਹੀਂ ਕਰੇਗਾ ਅਤੇ ਨਾ ਹੀ ਮੀਡੀਆ ਵਿੱਚ ਬਿਆਨ ਦੇਵੇਗਾ।
ਜੰਗਲਾਤ ਕਾਮਿਆਂ ਨੇ ਘੇਰਿਆ ਖ਼ਜ਼ਾਨਾ ਦਫ਼ਤਰ : ਖ਼ਜ਼ਾਨਾ ਦਫ਼ਤਰ ਵੱਲੋਂ ਬਿੱਲ ਨਾ ਲੈਣ ਕਾਰਨ ਜੰਗਲਾਤ ਵਿਭਾਗ ਦੇ ਕਾਮਿਆਂ ਵਿੱਚ ਰੋਸ ਪੈਦਾ ਹੋ ਗਿਆ ਜਿਸ ਕਾਰਨ ਜਗਮੋਹਨ ਸਿੰਘ ਨੌਲੱਖਾ ਦੀ ਪ੍ਰਧਾਨਗੀ ਹੇਠ ਰੋਸ ਮਾਰਚ ਕਰਕੇ ਖ਼ਜ਼ਾਨਾ ਦਫ਼ਤਰ ਅੱਗੇ ਰੈਲੀ ਕੀਤੀ ਗਈ। ਖ਼ਜ਼ਾਨਾ ਅਫ਼ਸਰ ਨੇ ਦਲੀਲ ਦਿੱਤੀ ਕਿ ਹੜਤਾਲ ਕਾਰਨ ਮਨਿਸਟਰੀਅਲ ਯੂਨੀਅਨ ਵੱਲੋਂ ਬਿੱਲ ਰੋਕੇ ਜਾ ਰਹੇ ਹਨ। ਇਸ ਬਾਰੇ ਨੌਲੱਖਾ ਨੇ ਕਿਹਾ ਕਿ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਫ਼ੰਡ ਰਿਲੀਜ਼ ਕਰਵਾਇਆ ਹੈ। ਕਲਾਸ ਫੋਰਥ ਕਾਮਿਆਂ ਦੇ ਤਿਉਹਾਰੀ ਕਰਜ਼ੇ ਦੀ ਮਿਤੀ ਵੀ ਫਿਕਸ ਕੀਤੀ ਗਈ ਹੈ। ਇਸ ਮਗਰੋਂ ਖ਼ਜ਼ਾਨਾ ਅਫ਼ਸਰ ਅਸ਼ੋਕ ਕੁਮਾਰ ਨੇ ਭਰੋਸਾ ਦਿੱਤਾ ਕਿ ਜੰਗਲਾਤ ਵਿਭਾਗ ਦੇ ਮਜ਼ਦੂਰਾਂ ਦੀਆਂ ਤਨਖ਼ਾਹਾਂ ਦੇ ਬਿੱਲ ਲਏ ਜਾਣਗੇ।
ਹਦਾਇਤ ਦੇ ਬਾਵਜੂਦ ਲੁਬਾਣਾ ਨੇ ਨੌਲੱਖਾ ’ਤੇ ਲਾਏ ਵਿੱਤੀ ਦੋਸ਼
ਦਰਸ਼ਨ ਸਿੰਘ ਲੁਬਾਣਾ ਨੇ ਅੱਜ ਆਪਣੇ ਸਾਥੀਆਂ ਦੀ ਮੀਟਿੰਗ ਬੁਲਾ ਕੇ ਪ੍ਰੈੱਸ ਨੋਟ ਜਾਰੀ ਕੀਤਾ ਜਿਸ ਵਿੱਚ ਜਗਮੋਹਨ ਨੌਲੱਖਾ ’ਤੇ ਦੋਸ਼ ਲਗਾਏ ਗਏ। ਸ੍ਰੀ ਲੁਬਾਣਾ ਨੇ ਕਿਹਾ ਕਿ ਜੰਗਲਾਤ ਤੇ ਜੰਗਲੀ ਜੀਵ ਦੇ ਡੇਲੀਵੇਜਿਜ਼ ਚੌਥਾ ਦਰਜਾ ਕਰਮਚਾਰੀਆਂ ਦੀਆਂ ਤਨਖ਼ਾਹਾਂ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਦੋ ਮਹੀਨੇ ਦੇ ਲਗਭਗ ਯੂਨੀਅਨ ਨੇ ਵਣਪਾਲ ਦਫ਼ਤਰ ਅੱਗੇ ਮੋਰਚਾ ਚਲਾਇਆ। ਇਸ ਦੌਰਾਨ 31 ਅਗਸਤ ਦੀ ਰਾਤ ਨੂੰ ਤੇਜ਼ ਰਫ਼ਤਾਰ ਕਾਰ ਮੋਰਚੇ ਦੇ ਕੈਂਪ ਵਿੱਚ ਗਈ ਤੇ ਧਰਨੇ ’ਤੇ ਬੈਠੇ ਕਾਮਿਆਂ ਨੂੰ ਕੁਚਲ ਦਿੱਤਾ। ਜ਼ਖ਼ਮੀਆਂ ਦੀ ਸਾਂਭ-ਸੰਭਾਲ ਜ਼ਿਲ੍ਹਾ ਆਗੂਆਂ ਸਮੇਤ ਜੰਗਲਾਤ ਆਗੂਆਂ ਨੇ ਕੀਤੀ। ਮੋਰਚੇ ਦੀ ਸਮਾਪਤੀ ਉਪਰੰਤ ਜਗਮੋਹਨ ਸਿੰਘ ਨੌਲੱਖਾ ਤੋਂ ਯੂਨੀਅਨ ਆਗੂਆਂ ਨੇ ਪੁੱਛਿਆ ਕਿ ਇਸ ਦੌਰਾਨ ਹੋਈ ਆਮਦਨ ਤੇ ਖ਼ਰਚੇ ਦੇ ਵੇਰਵੇ ਸਮੇਤ ਹਾਦਸਾਗ੍ਰਸਤ ਕਾਰ ਮਾਲਕਾਂ ਤੋਂ ਇਲਾਜ ਸਬੰਧੀ ਕੀਤੇ ਸਮਝੌਤੇ ਤੇ ਉਨ੍ਹਾਂ ਵੱਲੋਂ ਕੀਤੀ ਗਈ ਵਿੱਤੀ ਮਦਦ ਬਾਰੇ ਦੱਸਿਆ ਜਾਵੇ। ਇਸ ਬਾਬਤ ਜਗਮੋਹਨ ਨੌਲੱਖਾ ਨੇ ਕਿਹਾ ਕਿ ਉਨ੍ਹਾਂ ਕੋਲ ਹਾਈ ਪਾਵਰ ਕਮੇਟੀ ਦੀਆਂ ਹਦਾਇਤਾਂ ਆਈਆਂ ਹਨ ਜਿਸ ਕਰਕੇ ਉਹ ਕੁਝ ਨਹੀਂ ਕਹਿਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਮੇਰੇ ਖ਼ਿਲਾਫ਼ ਲਗਾਏ ਦੋਸ਼ਾਂ ਬਾਰੇ ਸ੍ਰੀ ਲੁਬਾਣਾ ਸਬੂਤ ਪੇਸ਼ ਕਰਨ। ਨੌਲੱਖਾ ਨੇ ਕਿਹਾ ਕਿ ਜੋ ਯੂਨੀਅਨ ਦਾ ਰਾਜਪੁਰਾ ਕਲੋਨੀ ਵਿੱਚ ਦਫ਼ਤਰ ਬਣਿਆ ਹੈ, ਉਸ ਲਈ ਆਏ ਰੁਪਿਆਂ ਤੇ ਖ਼ਰਚਿਆਂ ਦੇ ਵੇਰਵੇ ਵੀ ਸ੍ਰੀ ਲੁਬਾਣਾ ਦੇਣ ਤਾਂ ਕਿ ਗੱਲ ਸਪੱਸ਼ਟ ਹੋ ਜਾਵੇ।