ਪੱਤਰ ਪ੍ਰੇਰਕ
ਪਟਿਆਲਾ, 8 ਦਸੰਬਰ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੰਡ ਦੁੱਲੜ (ਸਮਾਣਾ) ਦੇ ਦਲਿਤਾਂ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲੇ ਪੇਂਡੂ ਧਨਾਢ ਚੌਧਰੀਆ ਨੂੰ ਗ੍ਰਿਫ਼ਤਾਰ ਕਰਵਾਉਣ ਅਤੇ ਸੁਰਾਜਪੁਰ (ਨਾਭਾ) ਵਿੱਚ ਆਪਣੇ ਹਿੱਸੇ ਦੀ ਸ਼ਾਮਲਾਤ ਜ਼ਮੀਨ ਲੈਣ ਲਈ ਸੰਘਰਸ਼ ਕਰ ਰਹੇ ਦਲਿਤਾਂ ਉਪਰ ਬੀ.ਡੀ.ਪੀ.ਓ. (ਸਾਬਕਾ) ਨਾਭਾ ਵੱਲੋਂ ਝੂਠਾ ਪਰਚਾ ਕਰਵਾਇਆ ਗਿਆ, ਉਸ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਮੇਟੀ ਵੱਲੋਂ ਤੀਜੇ ਦਿਨ ਧਰਨਾ ਅਤੇ ਭੁੱਖ ਹੜਤਾਲ ਜਾਰੀ ਰੱਖੀ ਗਈ। ਗੁਰਵਿੰਦਰ ਸਿੰਘ ਬੌਂੜਾਂ ਕਲਾ ਜ਼ੋਨਲ ਮੀਤ ਪ੍ਰਧਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਅਮਰੀਕ ਸਿੰਘ ਦੁੱਲੜ ਨੇ ਕਿਹਾ ਕਿ ਉਹ ਉਪਰੋਕਤ ਮੰਗਾਂ ਸਬੰਧੀ ਪਿਛਲੇ ਤਿੰਨ ਦਿਨਾਂ ਤੋਂ ਐੱਸਐੱਸਪੀ ਪਟਿਆਲਾ ਦੇ ਗੇਟ ਅੱਗੇ ਬੈਠੇ ਹਨ ਪਰ ਪੁਲੀਸ ਵੱਲੋਂ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਦੁੱਲੜ ਪਿੰਡ ਦੇ ਦਲਿਤਾਂ ਉੱਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਵਾਲੇ ਚੌਧਰੀਆਂ ਨੂੰ ਪਿਛਲੇ 2 ਮਹੀਨਿਆਂ ਤੋਂ ਖੁੱਲ੍ਹੇ ਛੱਡ ਰੱਖਿਆ ਹੈ। ਮੁਲਜ਼ਮਾਂ ਨੂੰ ਕਾਂਗਰਸੀ ਐੱਮਐੱਲਏ ਦੀ ਸ਼ਹਿ ਕਾਰਨ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ, ਜਦੋਂ ਕਿ ਪਿੰਡ ਸੁਰਾਜਪੁਰ (ਨਾਭਾ) ਵਿੱਚ ਪਿਛਲੇ ਸਾਲ ਆਪਣੀ ਹਿੱਸੇ ਦੀ ਪੰਚਾਇਤੀ ਜ਼ਮੀਨ ਲੈਣ ਲਈ ਸੰਘਰਸ਼ ਕਰ ਰਹੇ ਦਲਿਤਾਂ ਉਪਰ ਵੱਲੋਂ ਝੂਠਾ ਪਰਚਿਆ ਪਾਇਆ ਗਿਆ।