ਪੱਤਰ ਪ੍ਰੇਰਕ
ਘੱਗਾ, 14 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਲਿਤਾਂ ਦੇ ਬਿਲ ਮੁਆਫ ਕਰਨ ਦੇ ਕੀਤੇ ਐਲਾਨ ਪਿੰਡ ਜਲਾਲਪੁਰ ਦੇ ਦਲਿਤ ਪਰਿਵਾਰਾਂ ਲਈ ਵਫਾ ਨਹੀਂ ਹੋ ਰਹੇ ਤੇ ਘਰੇਲੂ ਖਪਤਕਾਰਾਂ ਦੇ ਹੁਣ ਆਏ ਭਾਰੀ ਬਿਜਲੀ ਬਿਲਾਂ ਕਾਰਨ ਦਲਿਤਾਂ ਦੀਆਂ ਮੁੱਖ ਮੰਤਰੀ ਵੱਲੋਂ ਜਗਾਈਆਂ ਗਈਆਂ ਆਸਾਂ ’ਤੇ ਪਾਣੀ ਫਿਰ ਗਿਆ ਹੈ। ਜਿਸ ਕਾਰਨ ਜਲਾਲਪੁਰ ਦੇ ਦਲਿਤ ਪਰਿਵਾਰਾਂ ’ਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਘਰੇਲੂ ਬਿਜਲੀ ਦੇ ਆਏ ਭਾਰੀ ਬਿਲਾਂ ਨੂੰ ਲੈ ਕੇ ਜਲਾਲਪੁਰ ਦੇ ਦਲਿਤ ਪਰਿਵਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਕ ਪਾਸੇ ਗਰੀਬ ਦਲਿਤਾਂ ਦੇ ਬਿਲ ਮੁਆਫ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਨਾਲੋ ਨਾਲ ਬਿਜਲੀ ਬਿਲ ਭੇਜ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦਲਿਤ ਪਰਿਵਾਰਾਂ ਨੇ ਬਿਜਲੀ ਬਿਲ ਦਿਖਾਉਂਦੇ ਹੋਏ ਦੱਸਿਆ ਕਿ ਪਿੰਡ ਜਲਾਲਪੁਰ ਦੇ ਬਲਦੇਵ ਸਿੰਘ ਦਾ 3340 ਰੁਪਏ, ਰਾਮਪਾਲ ਦਾ 3780 ਰੁਪਏ, ਮਨਦੀਪ ਸਿੰਘ ਦਾ 3900 ਰੁਪਏ, ਸ਼ਾਮ ਲਾਲ ਦਾ 1300 ਰੁਪਏ, ਭਜਨ ਲਾਲ ਦਾ 3040 ਰੁਪਏ ਦਾ ਬਿਜਲੀ ਬਿਲ ਹੈ। ਇਸੇ ਦੌਰਾਨ ਪਾਤੜਾਂ ਤੋਂ ਇਕ ਬਿਜਲੀ ਅਧਿਕਾਰੀ ਨੇ ਦਸਿਆ ਕਿ ਅੱਜ ਬਿਜਲੀ ਅਧਿਕਾਰੀਆਂ ਦੀ ਮੀਟਿੰਗ ਹੋ ਚੁੱਕੀ ਹੈ ਤੇ ਜਿਹੜੇ ਬਿਲ ਹਾਲੇ ਜਨਰੇਟ ਨਹੀਂ ਹੋਏ ਉਹ ਮੁਆਫ ਹੋਣਗੇ ਤੇ ਜਿਹੜੇ ਜਨਰੇਟ ਹੋ ਗਏ ਹਨ ਉਨ੍ਹਾਂ ਉਤੇ ਫੈਸਲਾ ਹੋਣਾ ਹੈ।