ਮਾਨਵਜੋਤ ਸਿੰਘ ਭਿੰਡਰ
ਡਕਾਲਾ, 20 ਮਾਰਚ
ਪੰਜਾਬ ਦੀ ਨਵੀਂ ਸਰਕਾਰ ਦੇ ਸਿੱਖਿਆ ਪ੍ਰਤੀ ਉੱਦਮ ਵਜੋਂ ਸਰਕਾਰੀ ਸਕੂਲਾਂ ’ਚ ਦਾਖਲਾ ਮੁਹਿੰਮ ਨੂੰ ਹੁਲਾਰਾ ਦੇਣ ਲਈ ਪਿੰਡਾਂ ਅੰਦਰ ਲਾਊਡ ਸਪੀਕਰਾਂ ਜ਼ਰੀਏ ਮੁਨਿਆਦੀ ਕਰਵਾਈ ਜਾ ਰਹੀ ਹੈ। ਇਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵੱਲੋਂ ਆਪਣੇ ਅਧੀਨ ਸਥਾਨਕ ਇਲਾਕਿਆਂ ਤੇ ਬਲਬੇੜਾ ਦੇ ਸਰਕਾਰੀ ਸਕੂਲਾਂ ’ਚ ਰਜਿਸ਼ਟ੍ਰੇਸ਼ਨ ਅਤੇ ਦਾਖਲੇ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਜੀਪ ’ਤੇ ਲਾਊਡ ਸਪੀਕਰ ਲਗਾ ਕੇ ਪਿੰਡਾਂ ਵਿੱਚ ਦਾਖਲਿਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸਕੂਲ ਪ੍ਰਿੰਸੀਪਲ ਸ੍ਰੀਮਤੀ ਸੁਦੇਸ਼ ਕੁਮਾਰੀ ਵੱਲੋਂ ਦਾਖਲਾ ਮੁਹਿੰਮ ਨੂੰ ਹੁਲਾਰਾ ਦੇਣ ਲਈ ਗੁਰੂ ਘਰਾਂ, ਮੰਦਰਾਂ ਤੇ ਹੋਰ ਧਾਰਮਿਕ ਸਥਾਨਾਂ ਤੋਂ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਨੇ ਖੁਦ ਵੀ ਕੁਝ ਥਾਵਾਂ ’ਤੇ ਸਰਕਾਰੀ ਸਕੂਲਾਂ ’ਚ ਦਾਖਲਿਆਂ ਦਾ ਹੋਕਾ ਦਿੱਤਾ। ਸਰਕਾਰੀ ਸਕੂਲਾਂ ਦੀ ਸਿੱਖਿਆ ਦੇ ਹੱਕ ’ਚ ਸੀਡੀਜ਼ ਵੀ ਚਲਾਈਆਂ। ਪ੍ਰਿੰਸੀਪਲ ਨੇ ਦਾਅਵਾ ਕੀਤਾ ਕਿ ਪ੍ਰਚਾਰ ਦਾ ਲੋਕਾਂ ’ਤੇ ਕਾਫੀ ਅਸਰ ਹੋ ਰਿਹਾ ਹੈ। ਦਾਖਲਿਆਂ ਦੀ ਇਸ ਮੁਹਿੰਮ ’ਚ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਡਕਾਲਾ ਦੇ ਜ਼ਿਲ੍ਹਾ ਮੀਡੀਆ ਇੰਜਾਰਜ ਮੇਜਰ ਸਿੰਘ, ਅਨੂਪ ਸ਼ਰਮਾ, ਪਰਵਿੰਦਰ ਸਿੰਘ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਬਲਬੇੜਾ ਦੇ ਅਧਿਆਪਕ ਸਤੀਸ਼ ਵਿਦਰੋਹੀ, ਪਵਨ ਕੁਮਾਰ, ਰਾਜੀਵ ਸੂਦ ਤੇ ਪ੍ਰਵੇਸ਼ ਕੁਮਾਰ ਨੇ ਗਰਮਜੋਸ਼ੀ ਨਾਲ ਹਿੱਸਾ ਲਿਆ। ਪ੍ਰਿੰਸੀਪਲ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪਟਿਆਲਾ ਅਤੇ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਅਮਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਦਾਖਲਾ ਨੂੰ ਮੁਹਿੰਮ ਨੂੰ ਤੇਜ਼ ਕੀਤਾ ਜਾ ਰਿਹਾ ਹੈ।