ਖੇਤਰੀ ਪ੍ਰਤੀਨਿਧ
ਪਟਿਆਲਾ, 3 ਨਵੰਬਰ
ਤੰਦਰੁਸਤ ਅਤੇ ਜੋਸ਼ੀਲੇ ਪਟਿਆਲਵੀ ਸੰਸਥਾ ਦੇ ਮੁਖੀ ਪ੍ਰੋ. ਸ਼ਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਇਥੇ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਸੈਂਕੜੇ ਨੌਜਵਾਨਾਂ ਨੇ ਭਾਗ ਲਿਆ ਅਤੇ ਸ਼ਹਿਰ ਵਾਸੀਆਂ ਨੂੰ ਤੰਦਰੁਸਤੀ ਦੇ ਨਾਲ-ਨਾਲ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਵੀ ਦਿੱਤਾ। ਬਾਰਾਦਰੀ ਸਥਿਤ ਰਿੰਕ ਹਾਲ ਤੋਂ ਸ਼ੁਰੂ ਕੀਤੀ ਗਈ ਇਸ ਰੈਲੀ ਨੂੰ ਤੰਦਰੁਸਤ ਅਤੇ ਜੋਸ਼ੀਲੇ ਪਟਿਆਲਵੀ ਸੰਸਥਾ ਦੇ ਮੁੱਖ ਸਲਾਹਕਾਰ ਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਮਨਮੋਹਨ ਸਿੰਘ ਨੇ ਰਵਾਨਾ ਕੀਤਾ। ਪ੍ਰੋ. ਸ਼ਵਿੰਦਰ ਦੇ ਯਤਨਾ ਸਦਕਾ ਕੱਢੀ ਗਈ ਇਸ ਸਾਈਕਲ ਰੈਲੀ ’ਚ ਤੰਦਰੁਸਤੀ ਦਾ ਸੰਦੇਸ਼ ਦਿੰਦਿਆਂ ਨੌਜਵਾਨਾ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਪ੍ਰਣ ਵੀ ਲਿਆ।
ਸਰਕਾਰੀ ਕਾਲਜ ਲੜਕੀਆਂ ਤੋਂ ਵਾਈਸ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਸ਼ਵਿੰਦਰ ਸਿੰਘ ਚਾਰ ਦਹਾਕਿਆਂ ਤੋਂ ਲੋਕਾਂ ਨੂੰ ਸਰੀਰਕ ਤੰਦਰੁਸਤੀ ਪ੍ਰਤੀ ਜਾਗਰੂਕ ਕਰ ਰਹੇ ਹਨ। ਲੋਕਾਂ ਨੂੰ ਸਾਈਕਲਿੰਗ ਪ੍ਰਤੀ ਜਾਗਰੂਕ ਕਰਨ ਲਈ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਹਰ ਵਿਅਕਤੀ ਸ਼ਹਿਰ ਦੇ ਅੰਦਰੂਨੀ ਹਿੱਸਿਆਂ ’ਚ ਸਾਈਕਲ ਦੀ ਵਰਤੋਂ ਸ਼ੁਰੂ ਕਰ ਦੇਵੇ ਤਾਂ ਇਸ ਨਾਲ ਸ਼ਹਿਰ ਦੀ ਟਰੈਫਿਕ ਸਮੱਸਿਆ ਖਤਮ ਹੋਣ ਦੇ ਨਾਲ-ਨਾਲ ਲੋਕਾਂ ਦੀ ਸਿਹਤ ’ਚ ਵੀ ਸੁਧਾਰ ਹੋਵੇਗਾ ਅਤੇ ਨਾਲ ਹੀ ਇਹ ਵਾਤਾਵਰਨ ਨੂੰ ਸ਼ੁੱਧ ਬਣਾਉਣ ’ਚ ਵੀ ਸਹਾਈ ਹੋਵੇਗੀ। ਪ੍ਰੋ. ਸਿੰਘ ਦਾ ਕਹਿਣਾ ਹੈ ਕਿ ਇਸ ਸਾਈਕਲ ਰੈਲੀ ਨੂੰ ਸਫਲ ਬਣਾਉਣ ਵਿੱਚ ਜ਼ਿਲ੍ਹਾ ਖੇਡ ਅਫ਼ਸਰ ਸ਼ਾਸਵਤ ਰਾਜ਼ਦਾਨ ਤੋਂ ਇਲਾਵਾ ਐੱਚਡੀਐੱਫਸੀ ਬੈਂਕ ਅਤੇ ਢੇਰਾ ਸਿੰਘ ਦੀ ਵੀ ਖਾਸ ਭੂਮਿਕਾ ਰਹੀ। ਰੈਲੀ ਵਿੱਚ ਭਾਗ ਲੈਣ ਵਾਲੇ ਸਾਰੇ ਨੌਜਵਾਨਾਂ ਨੂੰ ਰਿਫਰੈਸ਼ਮੈਂਟ ਦੇਣ ਦੇ ਨਾਲ-ਨਾਲ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸੰਸਥਾ ਦੇ ਕਾਨੂੰਨੀ ਸਲਾਹਕਾਰ ਸੀਨੀਅਰ ਐਡਵੋਕੇਟ ਰਵਿੰਦਰ ਨਾਥ ਕੌਸ਼ਲ, ਸਾਈਕਲਿਸਟ ਮਨਜੀਵ ਕਾਲਿਕਾ, ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਚੀਮਾ, ਗਗਨ ਗੋਇਲ, ਡਾ. ਭਗਵੰਤ ਸਿੰਘ, ਡਾ. ਧਨਵੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਅਤੇ ਖਿਡਾਰੀ ਹਾਜ਼ਰ ਸਨ।