ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਜੂਨ
ਪਿੰਡ ਰੌਂਗਲਾ ਵਿੱਚ ਇੱਕ ਕਿਸਾਨ ਨੇ ਸੜਕ ਦੇ ਦੁਆਲੇ ਖੜ੍ਹੇ ਕੁਝ ਰੁੱਖ ਵੱਢ ਦਿੱਤੇ। ਇਸ ’ਤੇ ਕਾਰਵਾਈ ਕਰਦਿਆਂ ਜੰਗਲਾਤ ਵਿਭਾਗ ਨੇ ਬਾਕੀ ਰੁੱਖ ਕੱਟਣ ਤੋਂ ਰੋਕ ਲਿਆ। ਮੌਕੇ ’ਤੇ ਪੁਲੀਸ ਵੀ ਪੁੱਜੀ ਪਰ ਅਜੇ ਤੱਕ ਕੋਈ ਪੁਲੀਸ ਕਾਰਵਾਈ ਨਹੀਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੌਂਗਲਾ ਵਿੱਚ ਸੜਕ ਦੇ ਆਲ਼ੇ ਦੁਆਲੇ 30 ਸਾਲ ਪੁਰਾਣੇ ਸਫ਼ੈਦੇ ਖੜ੍ਹੇ ਹਨ। ਜ਼ਮੀਨ ਦੇ ਮਾਲਕਾਂ ਨੇ ਅੱਜ ਕਿਸੇ ਸਰਕਾਰੀ ਅਧਿਕਾਰੀ ਤੋਂ ਮਨਜ਼ੂਰੀ ਲਏ ਬਿਟਾਂ ਇਹ ਸਫ਼ੈਦੇ ਵੱਢਣੇ ਸ਼ੁਰੂ ਕਰ ਦਿੱਤੇ। ਇਸ ਸਬੰਧੀ ਜਾਣਕਾਰੀ ਮਿਲਣ ’ਤੇ ਜੰਗਲਾਤ ਵਿਭਾਗ ਦੇ ਬੀਟ ਇੰਚਾਰਜ ਵਿਕਰਮ ਸਿੰਘ ਨੇ ਮੌਕੇ ’ਤੇ ਪੁਲੀਸ ਬੁਲਾ ਕੇ ਇਨ੍ਹਾਂ ਰੁੱਖਾਂ ਨੂੰ ਕੱਟਣ ਤੋਂ ਰੋਕਿਆ, ਹਾਲਾਂਕਿ ਕੁਝ ਰੁੱਖ ਕੱਟੇ ਜਾ ਚੁੱਕੇ ਸਨ। ਜ਼ਕਿਸਾਨ ਹਰਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜ਼ਮੀਨ ਨਾਲ ਲੱਗਦੇ ਇਹ ਰੁੱਖ ਉਨ੍ਹਾਂ ਨੇ ਪਾਲੇ ਹਨ। ਉਸ ਨੇ ਕਿਹਾ, ‘ਕੀ ਹੋ ਗਿਆ ਜੇ ਇਹ ਸਰਕਾਰੀ ਜ਼ਮੀਨ ਵਿੱਚ ਹਨ, ਇਹ ਰੁੱਖ ਅਸੀਂ ਕੱਟੇ ਹਨ ਪਰ ਸਾਨੂੰ ਨਹੀਂ ਪਤਾ ਸੀ ਕਿ ਇਸ ਬਾਰੇ ਸਾਡੇ ’ਤੇ ਕੋਈ ਕਾਰਵਾਈ ਵੀ ਹੋ ਸਕਦੀ ਹੈ।’ ਮੌਕੇ ’ਤੇ ਹਾਜ਼ਰ ਥਾਣੇਦਾਰ ਪਵਿੱਤਰ ਸਿੰਘ ਨੇ ਕਿਹਾ ਕਿ ਪੜਤਾਲ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡੀਐੱਫਓ ਵਿੱਦਿਆ ਸਾਗਰੀ ਨੇ ਕਿਹਾ ਕਿ ਅਧਿਕਾਰੀਆਂ ਦੀ ਰਿਪੋਰਟ ਆਉਣ ਤੋਂ ਬਾਅਦ ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।