ਗੁਰਨਾਮ ਸਿੰਘ ਅਕੀਦਾ
ਪਟਿਆਲਾ, 13 ਅਕਤੂਬਰ
ਸਿੰਚਾਈ ਵਿਭਾਗ ਦੇ ਠੇਕੇਦਾਰ ਵੱਲੋਂ ਖਣਨ ਵਿਭਾਗ ਦੀ ਆਗਿਆ ਤੋਂ ਬਿਨਾਂ ਹੀ ਕਰੋੜਾਂ ਰੁਪਏ ਦੀ ਪੁੱਟੀ ਮਿੱਟੀ ਦਾ ਮਾਮਲਾ ਆਮ ਆਦਮੀ ਪਾਰਟੀ ਨੇ ਪ੍ਰਕਾਸ਼ ’ਚ ਲਿਆਂਦਾ ਹੈ। ਇਹ ਮਿੱਟੀ ਦਿਨ ਰਾਤ ਘਲੌੜੀ ਗੇਟ ਕੋਲ ਨਗਰ ਨਿਗਮ ਦੀ ਜਗਾ ਤੋਂ ਪੁੱਟੀ ਗਈ ਹੈ।
ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਕੁੰਦਨ ਗੋਗੀਆ, ਸਿਮਰਨਪ੍ਰੀਤ ਸਿੰਘ ਅਤੇ ਜਗਤਾਰ ਸਿੰਘ ਤਾਰੀ ਆਦਿ ਨੇ ਦੱਸਿਆ ਕਿ ਇਹ ਜਗ੍ਹਾ ਨਗਰ ਨਿਗਮ ਨੇ ਸਿੰਚਾਈ ਵਿਭਾਗ ਦੇ ਠੇਕੇਦਾਰ ਜਸਜੀਤ ਸਿੰਘ ਵਿਰਕ ਨੂੰ ਕਰੱਸ਼ਰ ਲਾਉਣ ਲਈ ਦਿੱਤੀ ਹੋਈ ਹੈ, ਜਿਨ੍ਹਾਂ ਵੱਲੋਂ ਛੋਟੀ ਨਦੀ ਦੀ ਸੁੰਦਰਤਾ ਵਾਲੇ ਪ੍ਰਾਜੈਕਟ ਦਾ ਕੰਮ ਕੀਤਾ ਜਾ ਰਿਹਾ ਹੈ। ਕਾਫ਼ੀ ਦੇਰ ਤੋਂ ਆਸ ਪਾਸ ਰਹਿਣ ਵਾਲੇ ਲੋਕਾਂ ਦੇ ਫ਼ੋਨ ਆ ਰਹੇ ਸਨ ਕਿ ਇੱਥੇ ਸਾਰੀ ਰਾਤ ਮਿੱਟੀ ਦੇ ਟਿੱਪਰ ਭਰ-ਭਰ ਕਿ ਨਿਕਲਦੇ ਹਨ ਤੇ ਲੋਕਾਂ ਨੂੰ ਸੌਣ ਨਹੀਂ ਦਿੰਦੇ। ਇਸ ਲਈ ਜਦੋਂ ਅੱਜ ਆ ਕੇ ਵੇਖਿਆ ਤਾਂ ਇਨ੍ਹਾਂ ਟਿੱਪਰਾਂ ਨੇ 20 ਤੋਂ 30 ਫੁੱਟ ਤੱਕ ਡੂੰਘੀ ਮਿੱਟੀ ਪੁੱਟ ਰੱਖੀ ਹੈ ਤੇ ਕਰੋੜਾਂ ਰੁਪਏ ਦੀ ਮਿੱਟੀ ਖ਼ੁਰਦ ਬੁਰਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਈਨਿੰਗ ਵਿਭਾਗ ਤੋਂ ਕੋਈ ਆਗਿਆ ਨਹੀਂ ਲਈ ਗਈ, ਜਿਸ ਦਾ ਖ਼ੁਲਾਸਾ ਐਕਸੀਅਨ ਮਾਈਨਿੰਗ ਬੈਂਸ ਵੱਲੋਂ ਮੌਕੇ ’ਤੇ ਪੁੱਜ ਕੇ ਕੀਤਾ ਗਿਆ। ਐਕਸੀਅਨ ਰਮਨਦੀਪ ਬੈਂਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਜਗਾ ਬਾਰੇ ਜਾਣਕਾਰੀ ਨਹੀਂ ਹੈ। ਇਸ ਲਈ ਜਗਾ ਦੀ ਮਲਕੀਅਤੀ ਜਾਣਨ ਬਾਰੇ ਤਹਿਸੀਲ ਦਫ਼ਤਰ ਨੂੰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਪਰਚਾ ਦਰਜ ਕਰਨ ਲਈ ਪੁਲੀਸ ਨੂੰ ਵੀ ਲਿਖਿਆ ਗਿਆ ਹੈ।
ਜਗ੍ਹਾ ਸਾਡੀ ਮਿੱਟੀ ਵੀ ਅਸੀਂ ਪੁਟਵਾਈ: ਕਮਿਸ਼ਨਰ
ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਦਾ ਕਹਿਣਾ ਹੈ ਕਿ ਇਹ ਜਗਾ ਸਾਡੀ ਸੀ ਤੇ ਅਸੀਂ ਹੀ ਮਿੱਟੀ ਆਗਿਆ ਦੇ ਕੇ ਪੁਟਵਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗ ਦੀ ਮਿੱਟੀ ਸਰਕਾਰੀ ਪ੍ਰਾਜੈਕਟ ’ਤੇ ਹੀ ਜਾ ਰਹੀ ਸੀ। ਜਦੋਂਕਿ ਮਾਈਨਿੰਗ ਵਿਭਾਗ ਤੋਂ ਆਗਿਆ ਦੇ ਮਾਮਲੇ ’ਤੇ ਕਮਿਸ਼ਨਰ ਵੱਲੋਂ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ ਗਿਆ।
ਮਾਈਨਿੰਗ ਵਿਭਾਗ ਤੋਂ ਆਗਿਆ ਲੈਣੀ ਜ਼ਰੂਰੀ: ਐੱਸਡੀਓ ਗਰਗ
ਇਸ ਸਬੰਧੀ ਸਿੰਚਾਈ ਵਿਭਾਗ ਦੇ ਐੱਸਡੀਓ ਨਿੰਸਤ ਗਰਗ ਦਾ ਕਹਿਣਾ ਹੈ ਕਿ ਮਾਈਨਿੰਗ ਤੇ ਸਿੰਚਾਈ ਸਿੰਚਾਈ ਵਿਭਾਗ ਦਾ ਕੰਮ ਇੱਕੋ ਹੀ ਹੈ। ਇਸ ਲਈ ਜਦੋਂ ਕਿਸੇ ਵੀ ਜਗਾ ਤੋਂ ਮਿੱਟੀ ਪੁੱਟਣੀ ਹੋਵੇ ਤਾਂ ਆਗਿਆ ਲੈਣੀ ਜ਼ਰੂਰੀ ਹੁੰਦੀ ਹੈ। ਇਸ ਤਹਿਤ ਬੇਸ਼ੱਕ ਮਿੱਟੀ ਚੁੱਕਣ ਤੇ ਪੁਟਾਉਣ ਵਾਲਾ ਦੋਵੇਂ ਹੀ ਸਰਕਾਰੀ ਵਿਭਾਗ ਕਿਉਂ ਨਾ ਹੋਣ। ਇਸ ਲਈ ਇਹ ਮਾਮਲਾ ਕਾਰਵਾਈ ਅਧੀਨ ਹੈ।