ਮਾਨਵਜੋਤ ਭਿੰਡਰ
ਡਕਾਲਾ, 31 ਜੁਲਾਈ
ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਰਸਾਤ ਨਾਲ ਪਿੰਡ ਧਰਮਹੇੜੀ ਦੇ ਵੱਡੀ ਗਿਣਤੀ ਕਿਸਾਨਾਂ ਦੀਆਂ ਫਸਲਾਂ ’ਚ ਪਾਣੀ ਭਰ ਚੁੱਕਾ ਹੈ। ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਪਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਜਤਿੰਦਰ ਸਿੰਘ ਚੱਠਾ, ਗੁਰਮੁੱਖ ਸਿੰਘ, ਸਾਬਕਾ ਸਰਪੰਚ ਬਲਬੀਰ ਸਿੰਘ, ਦੇਵ ਸਿੰਘ, ਮੋਹਣ ਲਾਲ, ਗੁਰਨਾਮ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਧਰਮਹੇੜੀ ਦੇ ਖੇਤਾਂ ਨੇੜੇ ਲੰਘਦੀ ਮੀਰਾਂਪੁਰ ਚੋਅ ਦੀ ਖੁਦਾਈ ਤਾਂ ਭਾਵੇਂ ਪਿਛਲੇ ਦਿਨੀਂ ਹੋ ਗਈ ਸੀ ਪਰ ਚੋਅ ਦੇ ਬੰਨ੍ਹਾਂ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਲੋੜੀਂਦੀਆਂ ਪੁਲੀਆਂ ਨਹੀਂ ਲਗਾਈਆਂ ਗਈਆਂ, ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਮੀਂਹ ਦੇ ਪਾਣੀ ਨਾਲ ਡੁੱਬੀਆਂ ਪਈਆਂ ਹਨ। ਉਨ੍ਹਾਂ ਹਲਕਾ ਵਿਧਾਇਕ ਤੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਤੋਂ ਮੰਗ ਕੀਤੀ ਕਿ ਉਹ ਇਸ ਇਲਾਕੇ ਦੀ ਵਿਸ਼ੇਸ਼ ਤੌਰ ’ਤੇ ਗੌਰ ਕਰਨ ਤਾਂ ਜੋ ਪਾਣੀ ਵਿੱਚ ਡੁੱਬ ਰਹੀਆਂ ਫਸਲਾਂ ਦਾ ਬਚਾਅ ਹੋ ਸਕੇ।