ਪੱਤਰ ਪ੍ਰੇਰਕ
ਦੇਵੀਗੜ੍ਹ, 14 ਜੁਲਾਈ
ਬਾਰਸ਼ ਦੇ ਪਾਣੀ ਤੋਂ ਪ੍ਰਭਾਵਿਤ ਇਲਾਕੇ ਦਾ ਅੱਜ ਤਹਿਸੀਲ ਹੈੱਡ ਕਰਨਲ ਐੱਮ.ਐੱਸ. ਸਿੱਧੂ ਨੇ ਆਪਣੇ ਜੀਓਜੀ ਨਾਲ ਦੌਰਾ ਕੀਤਾ ਅਤੇ ਲੋਕਾਂ ਦੀਆਂ ਤਕਲੀਫਾਂ ਸੁਣੀਆਂ।
ਇਸ ਮੌਕੇ ਕਰਨਲ ਸਿੱਧੂ ਨੇ ਦੱਸਿਆ ਕਿ ਦੇਖਣ ’ਚ ਆਇਆ ਹੈ ਕਿ ਸਾਰੀਆਂ ਲਿੰਕ ਸੜਕਾਂ ਦੀਆਂ ਅੱਧੀ ਤੋਂ ਜ਼ਿਆਦਾ ਪੁਲੀਆਂ ਬੰਦ ਪਈਆਂ ਹਨ, ਜਿਸ ਕਾਰਨ ਥੋੜ੍ਹੀ ਜਿਹੀ ਬਾਰਿਸ਼ ਦਾ ਪਾਣੀ ਹੀ ਹੜ੍ਹ ਦਾ ਰੂਪ ਧਾਰ ਲੈਂਦਾ ਹੈ। ਇਸ ਦੌਰਾਨ ਉਨ੍ਹਾਂ ਨੇ ਜੁਲਕਾਂ ਤੋਂ ਬਿੰਜਲ, ਦੂਧਨਸਾਧਾਂ-ਅਦਾਲਤੀਵਾਲਾ, ਦੂਧਨਸਾਧਾਂ-ਖਤੌਲੀ, ਰੌਹੜ ਜਾਗੀਰ-ਬਿੰਜਲ ਸੜਕ, ਚਪਰਾਹੜ-ਮਗਰ ਸਾਹਿਬ, ਬਿੰਜਲ-ਖਾਂਸਾ ਅਤੇ ਅਕਬਰਪੁਰ ਤੋਂ ਪਠਾਨਮਾਜਰਾ ਆਦਿ ਸੜਕਾਂ ’ਤੇ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ’ਚ ਨਵੀਂਆਂ ਬਣਾਈਆਂ ਗਈਆਂ ਪੁਲੀਆਂ ਵਿਚੋਂ ਵੀ ਕਈ ਪੁਲੀਆਂ ਕਿਸਾਨਾਂ ਨੇ ਮਿੱਟੀ ਪਾ ਕੇ ਬੰਦ ਕੀਤੀਆਂ ਹੋਈਆਂ ਹਨ। ਲੋਕਾਂ ਨੇ ਮੰਗ ਕੀਤੀ ਕਿ ਬੰਦ ਪਈਆਂ ਪੁਲੀਆਂ ਨੂੰ ਖੁਲਵਾਇਆ ਜਾਵੇ ਤਾਂ ਕਿ ਪਾਣੀ ਦਾ ਨਿਕਾਸ ਹੋ ਸਕੇ।
ਇਸੇ ਦੌਰਾਨ ਜੀਓਜੀ ਦੀ ਟੀਮ ਡਰੇਨ ਝੁੱਗੀਆਂ ਤੋਂ ਸਵਾਈ ਸਿੰਘ ਵਾਲਾ, ਮੀਰਾਂਪੁਰ, ਧਾਂਦੀਆਂ, ਬਡਲਾ, ਬਡਲੀ, ਸ਼ੇਖਪੁਰ ਤੋਂ ਘੱਗਰ, ਈਸਰਹੇੜੀ, ਜਲਬੇੜਾ, ਚੂਹਟ, ਬ੍ਰਹਮਪੁਰ, ਦੁਧਨ ਗੁਜਰਾਂ, ਕਰਤਾਰਪੁਰ, ਗਣੇਸ਼ਪੁਰ, ਖਰਾਬਗੜ੍ਹ, ਬੀਬੀਪੁਰ ਆਦਿ ਡਰੇਨਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਕਰਨਲ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਦੀ ਚੌੜਾਈ ਤੇ ਡੂੰਘਾਈ ਬਹੁਤ ਘੱਟ ਹੈ ਜੋ ਕਿ ਹੜ੍ਹ ਦੇ ਪਾਣੀ ਨੂੰ ਸੰਭਾਲ ਨਹੀਂ ਸਕਦੀਆਂ ਅਤੇ ਫਸਲਾਂ ਦੇ ਨੁਕਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪਾਣੀ ਕਾਰਨ ਕਈ ਸੌ ਏਕੜ ਫਸਲ ਤਬਾਹ ਹੋ ਚੁੱਕੀ ਹੈ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਦੀਆਂ ਬਰਬਾਦ ਹੋਈਆਂ ਫਸਲਾਂ ਦਾ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ।