ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਅਗਸਤ
ਸੀਪੀਐੱਮ ਦੀ ਜ਼ਿਲ੍ਹਾ ਇਕਾਈ ਨੇ ਅੱਜ ਇੱਥੋਂ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਧਰਨਾ ਦੇ ਕੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ‘ਭਾਰਤ ਛੱਡੇ ਅੰਦੋਲਨ’ ਦੀ ਯਾਦ ਨੂੰ ਸਮਰਪਿਤ ਖ਼ੁਦ ਨੂੰ ਗ੍ਰਿਫ਼ਤਾਰੀਆਂ ਦੇਣ ਲਈ ਪੇਸ਼ ਕੀਤਾ ਪਰ ਕਿਸੇ ਨੇ ਵੀ ਖੱਬੇਪੱਖੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ।
ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਖਾਸਪੁਰ, ਸੀਪੀਐੱਮ ਦੇ ਜ਼ਿਲ੍ਹਾ ਸਕੱਤਰ ਧਰਮਪਾਲ ਸੀਲ, ਗੁਰਮੀਤ ਸਿੰਘ ਛੱਜੂਭੱਟ, ਰਮੇਸ਼ ਅਜ਼ਾਦ, ਗੁਰਬਖ਼ਸ਼ ਸਿੰਘ, ਜਗੀਰ ਸਿੰਘ ਹੰਸਾਲਾ, ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਮੋਹਨ ਸਿੰਘ ਸੋਢੀ, ਸਕੱਤਰ ਤਰਸੇਮ ਚੰਦ, ਸੀਟੂ ਆਗੂ ਸੁਸ਼ੀਲ ਕੁਮਾਰ, ਤਰਸੇਮ ਸਿੰਘ ਪੀਆਰਟੀਸੀ, ਤਰਸੇਮ ਸਿੰਘ ਘਨੌਰ ਅਤੇ ਨਛੱਤਰ ਸਿੰਘ ਖੇਤ ਮਜ਼ਦੂਰ ਆਗੂ ਆਦਿ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਸਬੰਧੀ 3 ਕਾਨੂੰਨ, ਬਿਜਲੀ ਸੋਧ ਬਿੱਲ 2020, ਚਾਰ ਲੇਬਰ ਕੋਡ ਰੱਦ ਕਰੇ।
ਐਮਐਸਪੀ ਦਾ ਕਾਨੂੰਨ ਬਣਾ ਕੇ ਖ਼ਰੀਦ ਦੀ ਗਾਰੰਟੀ ਦਿੱਤੀ ਜਾਵੇ। ਸਰਕਾਰੀ ਮਹਿਕਮਿਆਂ ਅਤੇ ਜਨਤਕ ਖੇਤਰ ਵਿਚ ਨਿੱਜੀਕਰਨ ਬੰਦ ਕੀਤਾ ਜਾਵੇ। ਕਰੋਨਾ ਕਾਲ ਦੌਰਾਨ 10 ਕਿੱਲੋ ਪ੍ਰਤੀ ਵਿਅਕਤੀ ਅਨਾਜ ਅਤੇ 7500 ਰੁਪਏ ਮਜ਼ਦੂਰਾਂ ਨੂੰ ਸਹਾਇਤਾ ਦਿੱਤੀ ਜਾਵੇ। ਠੇਕੇ ਤੇ ਭਰਤੀ ਕੀਤੇ ਮੁਲਾਜ਼ਮਾਂ ਨੂੰ ਪੱਕੇ ਕਰਕੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਕੇ ਬਰਾਬਰ ਕੰਮ ਬਰਾਬਰ ਤਨਖ਼ਾਹ ਦਿੱਤੀ ਜਾਵੇ। ਮਗਨਰੇਗਾ ਮਜ਼ਦੂਰਾਂ ਨੂੰ 200 ਦਿਨ ਕੰਮ ਅਤੇ 700 ਰੁਪਏ ਮਜ਼ਦੂਰੀ ਦਿੱਤੀ ਜਾਵੇ।