ਪੱਤਰ ਪ੍ਰੇਰਕ
ਰਾਜਪੁਰਾ, 19 ਮਈ
ਮੁਸਲਿਮ ਧਰਮ ਦੇ ਖਿਲਾਫ ਸ਼ੋਸ਼ਲ ਮੀਡੀਆ ’ਤੇ ਭੜਕਾਉੂ ਬਿਆਨਬਾਜ਼ੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲੀਸ ਨੇ ਗਊ ਰਕਸ਼ਾ ਦਲ ਦੇ ਸੂਬਾਈ ਪ੍ਰਧਾਨ ਸਤੀਸ਼ ਕੁਮਾਰ ਵਾਸੀ ਰਾਜਪੁਰਾ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਅਨੁਸਾਰ ਨਸੀਬ ਅਲੀ ਪੁੱਤਰ ਸਾਬਰ ਅਲੀ ਵਾਸੀ ਨੇੜੇ ਜਾਮਾ ਮਸਜਿਦ ਸ਼ਾਮ ਨਗਰ ਰਾਜਪੁਰਾ ਨੇ ਸਿਟੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਤੀਸ਼ ਕੁਮਾਰ ਵਾਸੀ ਰਾਜਪੁਰਾ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਅਪਲੋਡ ਕਰਕੇ ਮੁਸਲਿਮ ਧਰਮ ਖਿਲਾਫ ਭੜਕਾਉ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਿਸ ਕਾਰਨ ਮੁਸਲਮਾਨ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸਿਟੀ ਪੁਲੀਸ ਨੇ ਨਸੀਬ ਅਲੀ ਦੀ ਸ਼ਿਕਾਇਤ ’ਤੇ ਸਤੀਸ਼ ਕੁਮਾਰ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ। ਜਿਥੋਂ ਅਦਾਲਤ ਨੇ ਸਤੀਸ਼ ਕੁਮਾਰ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਦੱਸਣਯੋਗ ਹੈ ਕਿ ਸਤੀਸ਼ ਕੁਮਾਰ ਇਸ ਤੋਂ ਪਹਿਲਾਂ ਦਰਜ ਇੱਕ ਕੇਸ ਵਿੱਚ ਤਿੰਨ ਸਾਲ ਜੇਲ੍ਹ ਵਿੱਚ ਰਹਿ ਚੁੱਕੇ ਹਨ।