ਸਰਬਜੀਤ ਸਿਘ ਭੰਗੂ
ਪਟਿਆਲਾ, 16 ਜਨਵਰੀ
ਕੋਵਿਡ-19 ਦੇ ਲਗਾਤਾਰ ਵੱਧ ਮਾਮਲਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਸੰਦੀਪ ਹੰਸ ਨੇ ਜ਼ਿਲ੍ਹੇ ਅੰਦਰ ਪਹਿਲਾਂ ਲਗਾਈਆਂ ਪਾਬੰਦੀਆਂ ਨੂੰ 25 ਜਨਵਰੀ ਤੱਕ ਵਧਾ ਦਿੱਤਾ ਹੈ। 4 ਜਨਵਰੀ ਨੂੰ ਪਹਿਲਾਂ ਜਾਰੀ ਪਾਬੰਦੀਆਂ ਦੇ ਹੁਕਮਾਂ ‘ਚ ਸੋਧ ਕਰਦਿਆਂ, ਜ਼ਿਲ੍ਹਾ ਮੈਜਿਸਟ੍ਰੇਟ ਨੇ ਸੀ.ਆਰ.ਪੀ.ਸੀ. ਦੀ ਧਾਰਾ 144 ਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀਆਂ ਧਾਰਾਵਾਂ 30 ਤੋਂ 34 ਤਹਿਤ ਮਿਲੀਆਂ ਸ਼ਕਤੀਆਂ ਹੇਠ ਨਵੇਂ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਮੁਤਾਬਕ ਰਾਤ 10 ਤੋਂ ਸਵੇਰੇ 5 ਵਜੇ ਤੱਕ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਤੇ ਕਸਬਿਆਂ ’ਚ ਲਾਗੂ ਇਹ ਕਰਫਿਊ ਪਟਿਆਲਾ ਨਗਰ ਨਿਗਮ ਦੀ ਹਦੂਦ ਸਮੇਤ ਨਾਭਾ, ਰਾਜਪੁਰਾ, ਸਮਾਣਾ, ਪਾਤੜਾਂ, ਦੂਧਨਸਾਧਾਂ, ਭਾਦਸੋਂ, ਸਨੌਰ ਤੇ ਘਨੌਰ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀ ਹਦੂਦ ’ਚ ਲੋਕਾਂ ਦੀ ਗ਼ੈਰਜਰੂਰੀ ਆਵਾਜਾਈ ’ਤੇ ਰੋਕ ਰਹੇਗੀ। ਜਦੋਂਕਿ ਜ਼ਰੂਰੀ ਗਤੀਵਿਧੀਆਂ, ਸਮਾਨ ਦੀ ਢੋਆ-ਢੁਆਈ, ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ, ਇੰਡਸਟਰੀ ’ਚ ਸ਼ਿਫਟਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ, ਨਿਊਜ ਪੇਪਰ ਹਾਕਰਾਂ, ਦੋਧੀਆਂ ਸਮੇਤ ਘਰੇਲੂ ਸਮਾਨ ਦੀ ਹੋਮ ਡਿਲੀਵਰੀ ਆਦਿ ਨੂੰ ਛੋਟ ਹੋਵੇਗੀ। ਇਸੇ ਤਰ੍ਹਾਂ ਬੱਸਾਂ, ਟਰੇਨਾਂ ਤੇ ਹਵਾਈ ਜਹਾਜ਼ ਤੋਂ ਉਤਰ ਕੇ ਆਪਣੇ ਘਰ ਜਾਣ ਦੀ ਆਗਿਆ ਟਿਕਟ ਵਿਖਾਣ ਨਾਲ ਹੋਵੇਗੀ।
ਯਾਤਰੀਆਂ ਦਾ ਪੂਰੀ ਤਰ੍ਹਾਂ ਵੈਕਸੀਨੇਟਿਡ ਹੋਣਾ ਲਾਜ਼ਮੀ ਹੈ ਤੇ ਜੇ ਕੋਵਿਡ ਤੋਂ ਰਿਕਵਰ ਹੋਇਆ ਹੈ ਜਾਂ ਪੰਜਾਬ ਤੋਂ ਬਾਹਰੋਂ ਆਉਣ ਵਾਲਿਆਂ ਨੂੰ ਵੀ 72 ਘੰਟੇ ਪਹਿਲਾਂ ਕਰਵਾਈ ਨੈਗੇਟਿਵ ਆਰ.ਟੀ.ਪੀ.ਸੀ.ਆਰ ਦੀ ਰਿਪੋਰਟ ਜਾਂ ਰੈਟ ਟੈਸਟਿੰਗ ਲਾਜ਼ਮੀ ਹੈ।
ਗ਼ੈਰਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਰਾਤ 8 ਵਜੇ ਤੱਕ ਹੀ ਖੁੱਲ੍ਹੀਆਂ ਰਹਿ ਸਕਣਗੀਆਂ ਜਦੋਂਕਿ ਵਹੀਕਲ, ਭੋਜਨ, ਦਵਾਈਆਂ, ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ, ਪੋਲਟਰੀ ਆਦਿ ਨੂੰ ਛੋਟ ਰਹੇਗੀ। ਕੱਚੇ ਤੇ ਤਿਆਰ ਮਾਲ ਦੀ ਢੋਆ ਢੋਆਈ, ਫਾਰਮਾਸੂਟੀਕਲ ਡਰਗਜ, ਵੈਕਸੀਨ ਤੇ ਮੈਡੀਕਲ ਡਿਵਾਇਸ, ਡਾਇਗਨੋਸਿਟ ਟੈਸਟਿਕ ਕਿਟਸ ਆਦਿ ਦੀ ਆਵਾਜਾਈ ਨੂੰ ਵੀ ਆਗਿਆ ਰਹੇਗੀ।
ਜ਼ਿਲ੍ਹਾ ਮੈਜਿਸਟਰੇਟ ਸੰਦੀਪ ਹੰਸ ਨੇ ਕਿਹਾ ਕਿ ਮੈਰਿਜ ਪੈਲੇਸਾਂ, ਰਿਜੋਰਟਸ ਆਦਿ ’ਚ ਇਨਡੋਰ ਲਈ 50 ਤੇ ਆਊਟਡੋਰ ’ਚ 100 ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਹੈ ਪਰ ਬੈਠਣ ਸਮਰੱਥਾ ਮੁਤਾਬਕ ਉਪਰਲੀ ਸੀਮਾ 50 ਫੀਸਦੀ ਤੱਕ ਹੀ ਰਹੇਗੀ। ਆਰਟਿਸਟਸ, ਮਿਊਜੀਸ਼ਅਨ ਨੂੰ ਕੋਵਿਡ ਪ੍ਰੋਟੋਕਾਲ ਮੁਤਾਬਕ ਆਗਿਆ ਹੋਵੇਗੀ।