ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਫਰਵਰੀ
ਨਗਰ ਕੌਂਸਲ ਚੋਣਾਂ ਸਬੰਧੀ ਚੋਣ ਪਿੜ ਭਖਦਾ ਜਾ ਰਿਹਾ ਹੈ। ਆਪੋ ਆਪਣੇ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਵੱਡੇ ਰਾਜਨੀਤਕ ਆਗੂ ਵੀ ਚੋਣ ਪਿੜ ’ਚ ਉੱਤਰ ਆਏ ਹਨ। ਜਿਨ੍ਹਾਂ ਵੱਲੋਂ ਚੋਣ ਮੀਟਿੰਗਾਂ, ਚੋਣ ਰੈਲੀਆਂ ਤੇ ਰੋਡ ਸ਼ੋਅ ਕੀਤੇ ਜਾ ਰਹੇ ਹਨ। ਕਈ ਉਮੀਦਵਾਰਾਂ ਵੱਲੋਂ ਆਪਣੇ ਚੋਣ ਦਫ਼ਤਰਾਂ ਦੇ ਉਦਘਾਟਨ ਵੀ ਪਾਰਟੀ ਦੇ ਵੱਡੇ ਨੇਤਾਵਾਂ ਤੋਂ ਕਰਵਾਏ ਜਾ ਰਹੇ ਹਨ।
ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਰਾਜਪੁਰਾ ’ਚ 31, ਨਾਭਾ ’ਚ 23, ਸਮਾਣਾ ’ਚ 21 ਅਤੇ ਪਾਤੜਾਂ ’ਚ 17 ਵਾਰਡਾਂ ’ਚ ਚੋਣ ਹੋ ਰਹੀ ਹੈ। ਇਸ ਤਰ੍ਹਾਂ ਕੁੱਲ 92 ਵਾਰਡਾਂ ਲਈ 438 ਉਮੀਦਵਾਰ ਮੈਦਾਨ ’ਚ ਹਨ। ਚੋਣ ਮੈਦਾਨ ’ਚ ਹਰ ਉਮੀਦਵਾਰ ਵੱਲੋਂ ਆਪਣੀ ਜਿੱਤ ਯਕੀਨੀ ਬਣਾਉਣ ਲਈ ਜ਼ੋਰ ਅਜ਼ਮਾਈ ਕੀਤੀ ਜਾ ਰਹੀ ਹੈ। ਇਨ੍ਹਾਂ ’ਚੋਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਤੇ ਮੌਜੂਦਾ ਐੱਮਪੀ ਪ੍ਰਨੀਤ ਕੌਰ ਹੁਣ ਸਮਾਣਾਂ, ਪਾਤੜਾਂ ਤੇ ਰਾਜਪੁਰਾ ਖੇਤਰਾਂ ’ਚ ਕਾਂਗਰਸੀ ਉਮੀਦਵਾਰਾਂ ਦੇ ਹੱਕ ’ਚ ਚੋਣ ਰੈਲੀਆਂ ਕਰ ਚੁੱਕੇ ਹਨ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ’ਚ ਕਾਂਗਰਸੀ ਚੋਣ ਮੁਹਿੰਮ ਦੀ ਕਮਾਨ ਸੰਭਾਲ਼ ਹੋਈ ਹੈ। ਆਪ ਦੇ ਐੱਮਪੀ ਭਗਵੰਤ ਮਾਨ ਨੇ ਵੀ ਇੱਕ ਦਿਨ ਪਹਿਲਾਂ ਰਾਜਪੁਰਾ ’ਚ ਆਪ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਉਧਰ ਸਾਬਕਾ ਐੱਮਪੀ ਤੇ ਮੂਹਰੀ ਕਤਾਰ ਦੇ ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਸੋਮਵਾਰ ਨੂੰ ਰਾਜਪੁਰਾ ਸ਼ਹਿਰ ’ਚ ਚੋਣ ਰੈਲੀਆਂ ਕੀਤੀਆਂ। ਜਿਸ ਦੌਰਾਨ ਰਾਜਪੁਰਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਟਿਕਟ ਦੇ ਮੁੱਖ ਦਾਅਵੇਦਾਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ, ਸਰਕਲ ਪ੍ਰਧਾਨ ਰਣਜੀਤ ਰਾਣਾ ਵੀ ਮੌਜੂਦ ਰਹੇ। ਰਾਜਪੁਰਾ ’ਚ ਹੀ ਅੱਜ ਭਾਜਪਾ ਦੇ ਸੂਬਾਈ ਆਗੂ ਡਾ. ਨਰਿੰਦਰ ਸਿੰਘ ਨੇ ਵੀ ਭਾਜਪਾ ਉਮੀਦਵਾਰਾਂ ਤੇ ਵਰਕਰਾਂ ਨਾਲ ਚੋਣ ਮੀਟਿੰਗਾਂ ਕੀਤੀਆਂ।ਸਾਬਕਾ ਮੰਤਰੀ ਸੁਰਜੀਤ ਰੱਖੜਾ ਨੇ ਸਮਾਣਾ, ਵਨਿੰਦਰ ਕੌਰ ਲੂੰਬਾ ਨੇ ਪਾਤੜਾਂ, ਕਬੀਰ ਦਾਸ ਨੇ ਨਾਭਾ ’ਚ ਅਕਾਲੀ ਉਮੀਦਵਾਰਾਂ ਦੀ ਚੋਣ ਮੁਹਿੰਮ ਦੀ ਕਮਾਨ ਸੰਭਾਲ਼ੀ ਹੋਈ ਹੈ। ਜਦਕਿ ਸੁਰਜੀਤ ਗੜ੍ਹੀ ਸਮੇਤ ਹੋਰਾਂ ਨੇ ਰਾਜਪੁਰਾ ’ਚ ਮੁਹਿੰਮ ਭਖਾਈ ਹੋਈ ਹੈ। ਇਸੇ ਤਰਾਂ ਕਾਂਗਰਸੀ ਵਿਧਾਇਕਾਂ ਹਰਦਿਆਲ ਕੰਬੋਜ, ਕਾਕਾ ਰਾਜਿੰਦਰ ਸਿੰਘ, ਨਿਰਮਲ ਸ਼ਤਰਾਣਾ ਤੇ ਮਦਨ ਲਾਲ ਜਲਾਲਪੁਰ ਸਮੇਤ ਹੋਰ ਕਾਂਗਰਸੀ ਆਗੂਆਂ ਗੁਰਸ਼ਰਨ ਕੌਰ ਰੰਧਾਵਾ ਆਦਿ ਵੱਖ ਵੱਖ ਖੇਤਰਾਂ ਵਿਚ ਕਾਂਗਰਸੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਨਿਖਾਰਨ ’ਚ ਲੱਗੇ ਹੋਏ ਹਨ।