ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 10 ਜੂਨ
ਸਦਰ ਪੁਲੀਸ ਨੇ ਜਨਸੂਆ ਪੁਲੀਸ ਚੌਕੀ ਦੇ ਸਹਾਇਕ ਥਾਣੇਦਾਰ ਹਰਨੇਕ ਸਿੰਘ ਖ਼ਿਲਾਫ਼ ਇੱਕ ਵਿਅਕਤੀ ਤੋਂ ਤਿੰਨ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਮਾਈਨਿੰਗ ਇੰਸਪੈਕਟਰ (ਪਟਿਆਲਾ) ਵਿਕਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਦੋ ਦਿਨ ਪਹਿਲਾਂ ਹਲਕਾ ਘਨੌਰ ਦੇ ਪਿੰਡ ਨੇਪਰਾਂ ਵਿੱਚ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮੌਕੇ ਪੁਲੀਸ ਵੱਲੋਂ ਨਾਜਾਇਜ਼ ਮਾਈਨਿੰਗ ਵਿੱਚ ਵਰਤੀ ਗਈ ਮਸ਼ੀਨਰੀ ਟਿੱਪਰ ਅਤੇ ਪੋਕਲੇਨ ਮਸ਼ੀਨ ਨੂੰ ਕਬਜ਼ੇ ਵਿੱਚ ਲਿਆ ਗਿਆ ਸੀ। ਇਸ ਸਬੰਧੀ ਅੰਕੁਸ਼ ਗਰਗ ਵਾਸੀ ਨੇੜੇ ਸ਼ੀਲਾ ਦੇਵੀ ਟਰੱਸਟ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੇ ਦੋਸਤ ਹਰਜੀਤ ਸਿੰਘ ਸਮੇਤ ਜਨਸੂਆ ਪੁਲੀਸ ਚੌਕੀ ’ਚ ਟਿੱਪਰਾਂ ਅਤੇ ਪੋਕਲੇਨ ਮਸ਼ੀਨ ਦੀ ਸਪੁਰਦਗੀ ਲੈਣ ਸਬੰਧੀ ਪਤਾ ਕਰਨ ਲਈ ਆਇਆ ਸੀ। ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਹਰਨੇਕ ਸਿੰਘ ਨੇ ਸਪੁਰਦਗੀ ਤੋਂ ਪਹਿਲਾਂ ਟਿੱਪਰਾਂ ਤੇ ਪੋਕਲੇਨ ਮਸ਼ੀਨ ਦੀ ਬਠਿੰਡਾ ਤੋਂ ਮਾਲਕੀ ਤਸਦੀਕ ਕਰਵਾਉਣ ਸਬੰਧੀ ਉਨ੍ਹਾਂ ਪਾਸੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਉਨ੍ਹਾਂ ਦੀ ਤਿੰਨ ਹਜ਼ਾਰ ਰੁਪਏ ਵਿੱਚ ਗੱਲ ਮੁੱਕ ਗਈ ਅਤੇ ਹਰਨੇਕ ਸਿੰਘ ਨੇ ਤਿੰਨ ਹਜ਼ਾਰ ਰੁਪਏ ਲੈ ਲਏ ਜਿਸ ਦੀ ਮੋਬਾਈਲ ਫੋਨ ਰਾਹੀਂ ਵੀਡੀਓਗ੍ਰਾਫੀ ਹਰਜੀਤ ਸਿੰਘ ਨੇ ਕਰ ਲਈ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਅਮਨਦੀਪ ਤਰਿਕਾ ਨੇ ਦੱਸਿਆ ਕਿ ਅੰਕੁਸ਼ ਗਰਗ ਦੀ ਸ਼ਿਕਾਇਤ ’ਤੇ ਸਹਾਇਕ ਥਾਣੇਦਾਰ ਹਰਨੇਕ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।