ਬਹਾਦਰ ਸਿੰਘ ਮਰਦਾਂਪੁਰ
ਘਨੌਰ, 25 ਅਕਤੂਬਰ
ਅੰਮ੍ਰਿਤਸਰ-ਕੋਲਕਾਤਾ ਇੰਟੇਗ੍ਰੇਟਿਡ ਕੌਰੀਡੋਰ ਪ੍ਰਾਜੈਕਟ ਲਈ ਪਿੰਡ ਤਖਤੂਮਾਜਰਾ, ਪੱਬਰਾ, ਆਕੜੀ, ਸੇਹਰਾ ਅਤੇ ਸੇਹਰੀ ਦੀ 1104 ਏਕੜ ਜ਼ਮੀਨ ਸਰਕਾਰ ਵੱਲੋਂ ਗ੍ਰਹਿਣ ਕਰਨ ਮਗਰੋਂ ਪੁੱਡਾ ਨੂੰ ਸੌਂਪੀ ਗਈ ਹੈ। ਇਸੇ ਦੌਰਾਨ ਪ੍ਰਭਾਵਿਤ ਪਿੰਡਾਂ ਦੇ ਸੈਂਕੜੇ ਕਾਸ਼ਤਕਾਰਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਰੰਭੇ ਗਏ ਸੰਘਰਸ਼ ਤਹਿਤ ਰੋਸ ਧਰਨਾ ਅੱਜ 7ਵੇਂ ਦਿਨ ਵਿੱਚ ਦਾਖਲ ਹੋ ਗਿਆ।
ਧਰਨਾਕਾਰੀ ਆਗੂਆਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨਾਲ 26 ਅਕਤੂਬਰ ਨੂੰ ਤੈਅ ਕੀਤੀ ਗਈ ਹੈ ਜਿਸ ਦੇ ਨਤੀਜੇ ਦਾ ਇਨ੍ਹਾਂ ਪੰਜ ਪਿੰਡਾਂ ਦੇ ਲੋਕਾਂ ਨੂੰ ਇੰਤਜ਼ਾਰ ਰਹੇਗਾ। ਅੱਜ ਦੇ ਧਰਨੇ ਦੌਰਾਨ ਆਗੂਆਂ ਜਸਵਿੰਦਰ ਸਿੰਘ, ਮਨਦੀਪ ਸਿੰਘ, ਮੁਣਸ਼ੀ ਰਾਮ ਸਮੇਤ ਹੋਰਨਾਂ ਨੇ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਪਾਲਣ ਵਾਲੇ ਸੈਕੜੇ ਖੇਤ ਮਜ਼ਦੂਰਾਂ ਨੂੰ ਢੁੱਕਵੀਂ ਮੁਆਵਜ਼ਾ ਰਾਸ਼ੀ ਅਤੇ ਰਿਹਾਇਸ਼ੀ ਪਲਾਟ ਦਿੱਤੇ ਬਗੈਰ ਹੀ ਪੁੱਡਾ ਵੱਲੋਂ ਬਾਜ਼ੀਗਰ ਬਸਤੀ ਪੱਬਰਾ ਅਤੇ ਜੱਦੀ ਜਮੀਨ ਦੇ ਮਾਲਕ ਕਿਸਾਨਾਂ ਦੇ ਖੇਤਾਂ ਨੂੰ ਜਾਂਦੇ ਰਾਹ ’ਤੇ ਕੰਡਿਆਲੀ ਤਾਰ ਲਗਾ ਦਿੱਤੀ ਗਈ ਹੈ। ਇਸ ਨੂੰ ਲੈ ਕੇ ਪਿੰਡਾਂ ਦੇ ਲੋਕਾਂ ਵਿੱਚ ਪੁੱਡਾ ਪ੍ਰਤੀ ਤਿੱਖਾ ਰੋਸ ਹੈ।