ਬਹਾਦਰ ਸਿੰਘ ਮਰਦਾਂਪੁਰ
ਘਨੌਰ, 22 ਅਕਤੂਬਰ
ਅੰਮ੍ਰਿਤਸਰ-ਕੋਲਕਾਤਾ ਇੰਟੈਗ੍ਰੇਟਿਡ ਕੌਰੀਡੋਰ ਪ੍ਰਾਜੈਕਟ ਲਈ ਪੰਜ ਪਿੰਡਾਂ ਤਖਤੂਮਾਜਰਾ, ਪੱਬਰਾ, ਆਕੜੀ, ਸੇਹਰਾ ਅਤੇ ਸੇਹਰੀ ਦੀ 1104 ਏਕੜ ਜ਼ਮੀਨ ਪੁੱਡਾ ਨੂੰ ਸੌਂਪੇ ਜਾਣ ਤੋਂ ਪ੍ਰਭਾਵਿਤ ਇਨ੍ਹਾਂ ਪਿੰਡਾਂ ਦੇ ਸੈਂਕੜੇ ਖੇਤ ਮਜ਼ਦੂਰਾਂ ਅਤੇ ਕਾਸ਼ਤਕਾਰਾਂ ਨੇ ਜ਼ਮੀਨ ਨੂੰ ਟਰੈਕਟਰਾਂ ਨਾਲ ਵਾਹੁਣ ਦਾ ਪ੍ਰੋਗਰਾਮ 26 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਹੈ। ਇਹ ਫੈਸਲਾ ਆਗੂਆਂ ਦੀ 26 ਨੂੰ ਡਿਪਟੀ ਕਮਿਸ਼ਨਰ ਨਾਲ ਹੋਣ ਵਾਲੀ ਮੀਟਿੰਗ ਦੇ ਮੱਦੇਨਜ਼ਰ ਲਿਆ ਗਿਆ ਹੈ। ਉਂਜ ਮੁਆਵਜ਼ਾ ਰਾਸ਼ੀ ਅਤੇ ਹੋਰ ਮੰਗਾਂ ਨੂੰ ਲੈ ਕੇ ਵਿੱਢਿਆ ਸੰਘਰਸ਼ ਚੌਥੇ ਦਿਨ ਵਿੱਚ ਦਾਖਲ ਹੋ ਗਿਆ ਤੇ ਧਰਨਾ ਬੇਰੋਕ ਜਾਰੀ ਹੈ। ਇਸ ਮੌਕੇ ਆਗੂਆਂ ਗੁਰਧਿਆਨ ਸਿੰਘ, ਜਸਵਿੰਦਰ ਸਿੰਘ ਆਕੜੀ, ਹਰਚੰਦ ਸਿੰਘ ਆਕੜੀ, ਬਲਵੀਰ ਕੌਰ ਸੇਹਰਾ, ਸੁਨੀਤਾ ਰਾਣੀ ਆਕੜੀ, ਹਰਜਿੰਦਰ ਕੌਰ ਦੌਣ ਕਲਾਂ, ਮਨਦੀਪ ਸਿੰਘ ਸੇਹਰੀ ਆਦਿ ਨੇ ਸਰਕਾਰ ਨੂੰ ਭੰਡਦਿਆਂ ਆਖਿਆ ਕਿ ਪੁੱਡਾ ਵੱਲੋਂ ਉਨ੍ਹਾਂ ਦੀਆਂ ਹੋਰ ਮੰਗਾਂ ਮੰਨੇ ਬਗੈਰ ਹੀ ਗ੍ਰਹਿਣ ਕੀਤੀ ਗਈ ਜ਼ਮੀਨ ਦੁਆਲੇ ਕੰਡਾਤਾਰ ਲਗਾਉਣੀ ਆਰੰਭ ਕਰ ਦਿੱਤੀ ਗਈ ਹੈ ਤੇ ਜੱਦੀ ਜ਼ਮੀਨ ਨੂੰ ਅਤੇ ਬਾਜ਼ੀਗਰ ਬਸਤੀ ਪੱਬਰਾ ਨੂੰ ਜਾਂਦੇ ਰਾਹ ਬੰਦ ਕੀਤੇ ਜਾ ਰਹੇ ਹਨ। ਇਸ ਨੂੰ ਲੈ ਕੇ ਉਕਤ ਪਿੰਡਾਂ ਦੇ ਲੋਕਾਂ ਵਿੱਚ ਪੁੱਡਾ ਪ੍ਰਤੀ ਤਿੱਖਾ ਰੋਸ ਹੈ। ਜ਼ਿਕਰਯੋਗ ਹੈ ਕਿ ਧਰਨੇ ਵਿੱਚ ਪੁੱਜੇ ਤਹਿਸੀਲਦਾਰ ਰਾਮ ਕਿਸ਼ਨ, ਡੀਐੱਸਪੀ ਰਘਵੀਰ ਸਿੰਘ ਤੇ ਬੀਡੀਪੀਓ ਜਸਵਿੰਦਰ ਸਿੰਘ ਟਿਵਾਣਾ ਵੱਲੋਂ ਧਰਨਾਕਾਰੀਆਂ ਦੇ ਆਗੂਆਂ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਫੋਨ ’ਤੇ ਕਰਵਾਈ ਗੱਲ ਦੌਰਾਨ ਮਿਲੇ ਭਰੋਸੇ ਮਗਰੋਂ ਜ਼ਮੀਨ ਵਾਹੁਣ ਦਾ ਪ੍ਰੋਗਰਾਮ ਮੁਲਤਵੀ ਕੀਤਾ ਗਿਆ ਹੈ।