ਬਹਾਦਰ ਸਿੰਘ ਮਰਦਾਂਪੁਰ
ਘਨੌਰ, 20 ਅਕਤੂਬਰ
ਸਰਕਾਰ ਵੱਲੋਂ ਅੰਮ੍ਰਿਤਸਰ-ਕੋਲਕਾਤਾ ਇੰਟੇਗ੍ਰੇਟਿਡ ਕੌਰੀਡੋਰ ਪ੍ਰਾਜੈਕਟ ਲਈ ਤਿੰਨ ਸਾਲ ਪਹਿਲਾਂ ਪਿੰਡ ਸੇਹਰਾ, ਸੇਹਰੀ, ਆਕੜੀ, ਪੱਬਰਾ ਅਤੇ ਤਖਤੂ ਮਾਜਰਾ ਦੀ 1104 ਏਕੜ ਜ਼ਮੀਨ ਐਕੁਆਇਰ ਹੋਣ ਤੋਂ ਪ੍ਰਭਾਵਿਤ ਖੇਤ ਮਜ਼ਦੂਰਾਂ ਅਤੇ ਕਾਸ਼ਤਕਾਰਾਂ ਵੱਲੋਂ ਮੁਆਵਜ਼ਾ ਤੇ ਹੋਰਨਾਂ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਭਟੇੜੀ ਕਲਾਂ) ਦੇ ਸਹਿਯੋਗ ਨਾਲ ਉਕਤ ਪੰਜ ਪਿੰਡਾਂ ਦੇ ਵਸਨੀਕਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੁੱਡਾ ਖ਼ਿਲਾਫ਼ ਦਿੱਤਾ ਜਾ ਰਿਹਾ ਰੋਸ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ।
ਮੌਕੇ ’ਤੇ ਪੁੱਜੇ ਪੁੱਡਾ ਦੇ ਸਟੇਟ ਅਫਸਰ ਪਵਿੱਤਰ ਸਿੰਘ ਅਤੇ ਐੱਸ.ਈ. ਅਨੁਜ ਸਹਿਗਲ ਨੇ ਧਰਨਾਕਾਰੀਆਂ ਨੂੰ ਸਲਾਹ ਦਿੱਤੀ ਕਿ ਕਿ ਉਹ ਪੰਜ ਪਿੰਡਾਂ ’ਤੇ ਆਧਾਰਤ ਇੱਕ 11 ਮੈਂਬਰੀ ਕਮੇਟੀ ਦਾ ਗਠਨ ਕਰ ਕੇ ਉਨ੍ਹਾਂ ਨੂੰ ਭੇਜਣ ਤਾਂ ਜੋ ਇਸ ਕਮੇਟੀ ਦੀ ਏਡੀਸੀ (ਵਿਕਾਸ) ਪਟਿਆਲਾ ਨਾਲ ਮੀਟਿੰਗ ਕਰਵਾ ਕੇ ਮੰਗਾਂ ਦਾ ਹੱਲ ਕਰਵਾਇਆ ਜਾ ਸਕੇ। ਧਰਨਾਕਾਰੀਆਂ ਵੱਲੋਂ ਮੌਕੇ ’ਤੇ ਹੀ ਆਪਸੀ ਸਹਿਮਤੀ ਨਾਲ ਇੱਕ 11 ਮੈਂਬਰੀ ਕਮੇਟੀ ਦਾ ਗਠਨ ਕਰ ਕੇ ਮੈਂਬਰਾਂ ਦੇ ਨਾਵਾਂ ਦੀ ਸੂਚੀ ਪੁੱਡਾ ਅਧਿਕਾਰੀਆਂ ਨੂੰ ਸੌਪ ਦਿੱਤੀ ਗਈ।
ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁੱਡਾ ਨੇ ਸ਼ੁੱਕਰਵਾਰ ਤੱਕ ਬੰਦ ਕੀਤੇ ਰਾਹ ਨਾ ਖੋਲ੍ਹੇ ਤਾਂ ਗ੍ਰਹਿਣ ਕੀਤੀ ਜ਼ਮੀਨ ਨੂੰ ਟਰੈਕਟਰਾਂ ਰਾਹੀਂ ਵਾਹੁਣ ਲਈ ਮਜਬੂਰ ਹੋਣਗੇ।