ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਨਵੰਬਰ
ਕਰੋਨਾ ਦੇ ਕਹਿਰ ਦੌਰਾਨ ਆਰਜ਼ੀ ਤੌਰ ’ਤੇ ਭਰਤੀ ਕੀਤੇ ਗਏ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ਼ ਤੇ ਹੋਰ ਸਿਹਤ ਮੁਲਾਜ਼ਮਾਂ ਨੂੰ ਕਰੋਨਾ ਦਾ ਪ੍ਰਭਾਵ ਘਟਣ ਮਗਰੋਂ ਹਟਾ ਦਿੱਤਾ ਗਿਆ ਹੈ। ਜਿਸ ਦੇ ਵਿਰੋਧ ’ਚ ਪੰਜਾਬ ਭਰ ’ਚੋਂ ਆਏ ਇਨ੍ਹਾਂ ਸੈਂਕੜੇ ਕਰੋਨਾ ਵਾਲੰਟੀਅਰਾਂ ਨੇ ਇਥੇ ਪੁੱਡਾ ਗਰਾਊਂਡ ’ਚ ਰੋਸ ਰੈਲੀ ਕਰਨ ਮਗਰੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ। ਪੈਦਲ ਮਾਰਚ ਕਰਦਿਆਂ ਜਦੋਂ ਇਹ ਕਾਫਲਾ ਪੋਲੋ ਗਰਾਊਂਡ ਕੋਲ਼ ਪੁੱਜਾ ਤਾਂ ਪੁਲੀਸ ਨੇ ਉਨ੍ਹਾਂ ਨੂੰ ਮੋਤੀ ਮਹਿਲ ਤੋਂ ਇੱੱਕ ਕਿਲੋਮੀਟਰ ਪਹਿਲਾਂ ਰੋਕ ਲਿਆ। ਬੇਰੁਜ਼ਗਾਰ ਹੋਏ ਇਸ ਕਾਫਲੇ ਨੇ ਦੋ ਕੁ ਵਾਰ ਬੈਰੀਕੇਡ ਟੱਪ ਕੇ ਹੋਰ ਅਗਾਂਹ ਲੰਘਣ ਦਾ ਯਤਨ ਵੀ ਕੀਤਾ, ਪਰ ਐਸਪੀ (ਸਿਟੀ) ਵਰੁਣ ਸ਼ਰਮਾ ਦੀ ਅਗਵਾਈ ਹੇਠਾਂ ਤਾਇਨਾਤ ਭਾਰੀ ਪੁਲੀਸ ਬਲ ਦੇ ਅੱਗੇ ਉਨ੍ਹਾਂ ਦੀ ਕੋਈ ਵਾਹ ਨਾ ਚੱਲੀ। ਜਿਸ ਤਹਿਤ ਉਹ ਸੜਕ ’ਤੇ ਧਰਨਾ ਮਾਰ ਕੇ ਬੈਠ ਗਏ। ਬੁਲਾਰਿਆਂ ਦਾ ਤਰਕ ਸੀ ਕਿ ਕਰੋਨਾ ਕਹਿਰ ਦੌਰਾਨ ਉਹ ਮੌਤ ਦੇ ਮੂੰਹ ’ਚ ਸ਼ਿੱਦਤ ਨਾਲ਼ ਡਿਊਟੀਆਂ ਨਿਭਾਉਂਦੇ ਰਹੇ ਹਨ। ਪਰ ਲੋੜ ਖਤਮ ਹੋਣ ’ਤੇ ਉਨ੍ਹਾਂ ਨੂੰ ਵਿਹਲੇ ਕਰਕੇ ਘਰੀਂ ਤੋਰ ਦਿੱਤਾ ਗਿਆ। ਉਹ ਮੰਗ ਕਰ ਰਹੇ ਹਨ ਕਿ ਸਿਹਤ ਵਿਭਾਗ ’ਚ ਖਾਲੀ ਪਈਆਂ ਅਸਾਮੀਆਂ ’ਤੇ ਉਨ੍ਹਾਂ ਨੂੰ ਭਰਤੀ ਕੀਤਾ ਜਾਵੇ। ਇਨ੍ਹਾਂ ਵਾਲੰਟੀਅਰਾਂ ਦੀ 9 ਨਵੰਬਰ ਨੂੰ ਸਿਹਤ ਮੰਤਰੀ ਬਲਵੀਰ ਸਿੱਧੂ ਨਾਲ ਪੈਨਲ ਬੈਠਕ ਤੈਅ ਕਰਵਾਉਣ ਮਗਰੋਂ ਹੀ ਇਹ ਧਰਨਾ ਸਮਾਪਤ ਕੀਤਾ ਗਿਆ।