ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਅਗਸਤ
ਇਲਾਕੇ ਦੇ ਪਿੰਡ ਕੌਲੀ ਦੇ 26 ਸਾਲਾ ਗੁਰਵਿੰਦਰ ਸਿੰਘ ਦੀ ਪਿਛਲੇ ਦਿਨੀਂ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕਰੋਨਾ ਵਾਰਡ ’ਚ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਵਿਧਵਾ ਮਾਂ ਦਾ ਇਕਲੌਤਾ ਪੁੱਤ ਸੀ, ਜਿਸ ਦਾ ਡੇਢ ਮਹੀਨੇ ਮਗਰੋਂ ਵਿਆਹ ਹੋਣ ਵਾਲਾ ਸੀ। ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ’ਤੇ ਅਣਗਹਿਲੀ ਦੇ ਦੋਸ਼ ਲਾਉਂਦਿਆਂ ਮ੍ਰਿਤਕ ਦੇ ਵਾਰਸਾਂ ਨੇ ਕਿਹਾ ਕਿ ਉਸ ਦੇ ਗੁਰਦੇ ’ਚ ਇਨਫੈਕਸ਼ਨ ਸੀ ਪਰ ਇਥੇ ਕਰੋਨਾ ਵਾਰਡ ’ਚ ਦਾਖਲ ਕਰਕੇ ਉਸ ਦੀ ਅਸਲੀ ਮੁਸ਼ਕਲ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ, ਜੋ ਉਸ ਦੀ ਮੌਤ ਦਾ ਕਾਰਨ ਬਣਿਆ। ਇਸ ਸਬੰਧੀ ਕਾਰਵਾਈ ਦੀ ਮੰਗ ਨੂੰ ਲੈ ਕੇ ਵਾਰਸਾਂ ਤੇ ਪਿੰਡ ਵਾਸੀਆਂ ਨੇ ਪਿੰਡ ਕੌਲੀ ਸਾਹਮਣੇ ਨੈਸ਼ਨਲ ਹਾਈਵੇ ’ਤੇ ਧਰਨਾ ਦਿੱਤਾ।
ਮ੍ਰਿਤਕ ਦੇ ਚਚੇਰੇ ਭਰਾ ਬੇਅੰਤ ਸਿੰਘ ਅਤੇ ਕੁਝ ਹੋਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਗੁਰਵਿੰਦਰ ਸਿੰਘ ਨੂੰ 3 ਅਗਸਤ ਨੂੰ ਟਾਈਫਾਈਡ ਹੋਣ ਕਰਕੇ ਰਾਜਪੁਰਾ ਸਥਿਤ ਇੱਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ। ਗੁਰਦਿਆਂ ’ਚ ਇਨਫੈਕਸ਼ਨ ਹੋਣ ਦੇ ਹਵਾਲੇ ਨਾਲ ਉਸ ਨੂੰ ਮੁਹਾਲੀ ਭੇਜ ਦਿੱਤਾ ਗਿਆ। ਉਥੇ ਵੀ ਉਸ ਦਾ ਟੈਸਟ ਨੈਗੇਟਿਵ ਆਇਆ। ਡਾਕਟਰਾਂ ਨੇ ਫਿਰ ਉਸ ਦਾ ਟੈਸਟ ਕੀਤਾ। ਇਸ ਦੌਰਾਨ ਡਾਕਟਰਾਂ ਨੇ ਉਸ ਨੂੰ ਪਾਜ਼ੇਟਿਵ ਗਰਦਾਨਦਿਆਂ ਚਾਰ ਅਗਸਤ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ। ਇਥੇ ਉਸ ਨੂੰ ਕਰੋਨਾ ਵਾਰਡ ਵਿਚ ਰੱਖਿਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਕੋਵਿਡ ਕੇਅਰ (ਰਾਜਿੰਦਰਾ ਹਸਪਾਤਲ) ਦੇ ਇੰਚਾਰਜ ਸੁਰਭੀ ਮਲਿਕ (ਆਈਏਐਸ) ਨੇ ਕਿਸੇ ਤਰ੍ਹਾਂ ਦੀ ਵੀ ਅਣਗਹਿਲੀ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮਰੀਜ਼ ਨੂੰ ਇਥੇ ਲਿਆਂਦਾ ਗਿਆ, ਉਦੋਂ ਹੀ ਉਸ ਦੀ ਹਾਲਤ ਬਹੁਤ ਨਾਜ਼ੁਕ ਸੀ।
ਲੁਧਿਆਣਾ (ਗਗਨਦੀਪ ਅਰੋੜਾ): ਜ਼ਿਲ੍ਹਾ ਲੁਧਿਆਣਾ ਵਿਚ ਅੱਜ ਕਰੋਨਾ ਦੇ 296 ਨਵੇਂ ਕੇਸ ਆਉਣ ਮਗਰੋਂ ਕੁੱਲ ਕੇਸਾਂ ਦੀ ਗਿਣਤੀ 4808 ਹੋ ਗਈ ਹੈ। ਇਨ੍ਹਾਂ ’ਚੋਂ 1683 ਐਕਟਿਵ ਕੇਸ ਹਨ। ਇਸ ਤੋਂ ਇਲਾਵਾ ਅੱਜ 10 ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਪਾਜ਼ੇਟਿਵ ਆਏ ਮਰੀਜ਼ਾਂ ’ਚ 63 ਮਰੀਜ਼ ਫਲੂ ਕਾਰਨਰ ਅਤੇ 29 ਮਰੀਜ਼ ਓਪੀਡੀ ਤੋਂ ਆਏ ਹਨ। 8 ਪੁਲੀਸ ਮੁਲਾਜ਼ਮ, 5 ਸਿਹਤ ਮੁਲਾਜ਼ਮ, 1 ਕੈਦੀ ਤੇ 4 ਗਰਭਵਤੀ ਔਰਤਾਂ ਨੂੰ ਕਰੋਨਾ ਹੋਇਆ ਹੈ। ਬਾਕੀਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕਰੋਨਾਵਾਇਰਸ ਕਾਰਨ ਜਲੰਧਰ ਵਿੱਚ ਅੱਜ ਦੋ ਮੌਤਾਂ ਹੋ ਗਈਆਂ ਤੇ 76 ਨਵੇਂ ਕੇਸ ਆਏ ਹਨ। ਜ਼ਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ 2987 ਹੋ ਗਈ ਹੈ। ਅੱਜ ਆਏ ਕੇਸਾਂ ਵਿੱਚ ਸੀਆਈਏ ਸਟਾਫ਼ ਦੇ 6 ਮੁਲਾਜ਼ਮ ਵੀ ਸ਼ਾਮਿਲ ਹਨ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 11 ਹੋਰ ਮਰੀਜ਼ਾਂ ਅਤੇ ਦੋ ਮੌਤਾਂ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਕਮਲੇਸ਼ ਰਾਣੀ ਵਾਸੀ ਰੋਜ਼ ਐਵੇਨਿਊ ਅਤੇ ਜੰਗ ਬਹਾਦਰ ਦੀ ਮੌਤ ਹੋਈ ਹੈ। ਜ਼ਿਲ੍ਹੇ ਵਿਚ ਅੱਜ ਨਵੇਂ ਆਏ ਕਰੋਨਾ ਕੇਸਾਂ ’ਚੋਂ 36 ਕੇਂਦਰੀ ਜੇਲ੍ਹ ਨਾਲ ਸਬੰਧਤ ਹਨ।
ਇਨ੍ਹਾਂ ਵਿਚ ਅਧਿਕਾਰੀ, ਕਰਮਚਾਰੀ ਅਤੇ ਕੈਦੀ ਸ਼ਾਮਲ ਹਨ। 9 ਮਾਮਲੇ ਬੀਐੱਸਐੱਫ ਜਵਾਨਾਂ ਦੇ ਹਨ, ਜੋ ਖਾਸਾ ਨਾਲ ਸਬੰਧਤ ਹਨ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਦੀ ਰਿਪੋਰਟ ਵੀ ਅੱਜ ਪਾਜ਼ੇਟਿਵ ਆਈ ਹੈ। ਜ਼ਿਲ੍ਹੇ ਵਿੱਚ ਹੁਣ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 2307 ਹੋ ਗਈ ਹੈ।