ਖੇਤਰੀ ਪ੍ਰਤੀਨਿਧ
ਪਟਿਆਲਾ, 24 ਜੂਨ
ਪੰਜਾਬ ਸਰਕਾਰ ਵੱਲੋਂ ਕਰੋਨਾ ਮੌਕੇ ਆਰਜ਼ੀ ਤੌਰ ’ਤੇ ਭਰਤੀ ਕੀਤੇ ਗਏ ਕਰੋਨਾ ਯੋਧਿਆਂ ਨੂੰ ਕਰੋਨਾ ਦਾ ਕਹਿਰ ਘਟਣ ਮਗਰੋਂ ਨੌਕਰੀਆਂ ਤੋਂ ਹਟਾ ਦਿੱਤਾ ਸੀ ਪਰ ਉਹ ਆਪਣੀਆਂ ਸੇਵਾਵਾਂ ਦੀ ਬਹਾਲੀ ਲਈ ਕਈ ਮਹੀਨਿਆਂ ਤੋਂ ਜਦੋ-ਜਹਿਦ ਕਰਦੇ ਆ ਰਹੇ ਹਨ। ਇਸੇ ਕੜੀ ਤਹਿਤ ਉਨ੍ਹਾਂ ਨੇ ਅੱਜ ਵੀ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਅੱਗਿਉਂ ਲੰਘਦੇ ਜ਼ੀਰਕਪੁਰ- ਬਠਿੰਡਾ ਨੈਸ਼ਨਲ ਹਾਈਵੇ ’ਤੇ ਧਰਨਾ ਦੇ ਕੇ ਇਸ ਸੜਕ ਦੇ ਦੋਵੇਂ ਪਾਸਿਆਂ ਦੀ ਆਵਾਜਾਈ ਠੱਪ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਦਾ ਕਹਿਣਾ ਸੀ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਜਦੋਂ ਇੱਥੇ ਰਾਜਿੰਦਰਾ ਹਸਪਤਾਲ ਵਿੱਚ ਧਰਨਾ ਲਗਾਇਆ ਹੋਇਆ ਸੀ, ਤਾਂ ਵਰਤਮਾਨ ਮੁੱਖ ਮੰਤਰੀ ਖੁਦ ਚੱਲ ਕੇ ਉਨ੍ਹਾਂ ਦੇ ਧਰਨੇ ’ਚ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੇ ਭਰੋਸਾ ਦਿਵਾਇਆ ਸੀ ਕਿ ਉਹ ਇਕ ਵਾਰ ਪੰਜਾਬ ਦੀ ਸੱਤਾ ‘ਆਪ’ ਦੇ ਹੱਥ ’ਚ ਦਿਵਾਉਣ ਲਈ ‘ਆਪ’ ਦੀ ਹਮਾਇਤ ਕਰਨ ਜਿਸ ਮਗਰੋਂ ਸਰਕਾਰ ਬਣਨ ਉਪਰੰਤ ਆਪ ਸਰਕਾਰ ਇਨ੍ਹਾਂ ਕਰੋਨਾ ਯੋਧਿਆਂ ਦੀਆਂ ਸੇਵਾਵਾਂ ਦੀ ਬਹਾਲੀ ਯਕੀਨੀ ਬਣਾਏਗੀ। ਆਗੂਆਂ ਕਿਹਾ ਕਿ ਹੁਣ ਜਦੋਂ ਆਪ ਦੀ ਸਰਕਾਰ ਬਣੀ ਨੂੰ ਤਿੰਨ ਮਹੀਨੇ ਹੋ ਗਏ ਹਨ, ਤਾਂ ਵੀ ਸਰਕਾਰ ਨੇ ਚੋਣਾਂ ਦੌਰਾਨ ਬਹਾਲੀ ਦਾ ਕੀਤਾ ਵਾਅਦਾ ਨਹੀਂ ਨਿਭਾਇਆ। ਇਸ ਦੇ ਰੋਸ ਵਜੋਂ ਉਨ੍ਹਾਂ ਨੇ ਅੱਜ ਸੜਕ ’ਤੇ ਧਰਨਾ ਲਾਇਆ, ਤਾਂ ਜੋ ਕਿਸੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਨਾਲ਼ ਕੀਤਾ ਗਿਆ ਵਾਅਦਾ ਯਾਦ ਆ ਜਾਵੇ ਜਾਂ ਫੇਰ ਸਰਕਾਰ ਦਾ ਕੋਈ ਹੋਰ ਹੀ ਨੁਮਾਇੰਦਾ ਉਨ੍ਹਾਂ ’ਤੇ ਤਰਸ ਕਰਕੇ ਇਹ ਮਾਮਲਾ ਸਰਕਾਰ ਤੱਕ ਪਹੁੰਚਦਾ ਕਰ ਸਕੇ। ਉਨ੍ਹਾਂ ਮੰਗ ਕੀਤੀ ਕਿ ਜੇਕਰ ਸਰਕਾਰ ਨੇਕੀਤਾ ਵਾਅਦਾ ਨਾ ਪੁਗਾਇਆ ਤਾਂ ਉਹ ਹੋਰ ਵੀ ਕੋਈ ਤਿੱਖਾ ਕਦਮ ਚੁੱਕਣ ਲਈ ਮਜਬੂਰ ਹੋਣਗੇ।