ਸਰਬਜੀਤ ਭੰਗੂ
ਪਟਿਆਲਾ, 28 ਜੂਨ
ਇਥੇ ਪਟਿਆਲਾ ਡਿਵੈਲਪਮੈਂਟ ਅਥਾਰਿਟੀ ਦੇ ਸਟਾਫ਼ ਵੱਲੋਂ ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੌਰਾਨ ਡੀਏ ਸਟਾਫ਼ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਕਰੋਨਾ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਤੋਂ ਇਲਾਵਾ ਜਾਗਰੂਕਤਾ ਵੈਨ ਰਾਹੀਂ ਸਾਵਧਾਨੀਆਂ ਵਰਤਣ ਦਾ ਸੁਨੇਹਾ ਵੀ ਦਿੱਤਾ। ਪੀਡੀਏ ਦੇ ਐਕਸੀਅਨ ਇੰਜ. ਡੇ.ਕੇ. ਜਿੰਦਲ ਨੇ ਦੱਸਿਆ ਕਿ ਅੱਜ ਸਵੇਰ ਸਮੇਂ ਪੀਡੀਏ ਸਟਾਫ਼ ਵੱਲੋਂ ਅਰਬਨ ਅਸਟੇਟ ਫੇਸ ਇੱਕ, ਦੋ ਅਤੇ ਤਿੰਨ ’ਚ ਘਰ-ਘਰ ਜਾ ਕੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੇ ਪਰਚੇ ਵੀ ਵੰਡੇ ਗਏ, ਤੇ ਇਸ ਤੋਂ ਇਲਾਵਾ ਹੋਰ ਕਈ ਥਾਵਾਂ ਵੀ ਜਾਗਰੂਕ ਕੀਤਾ ਗਿਆ।
ਪਾਤੜਾਂ (ਪੱਤਰ ਪ੍ਰੇਰਕ): ਕਰੋਨਾ ਨਾਲ ਜੰਗ ਲੜਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਮਿਸ਼ਨ ਫ਼ਹਿਤ ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਲਈ ਨਗਰ ਕੌਂਸਲ ਪਾਤੜਾਂ ਵੱਲੋਂ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਨੂੰ ਨਗਰ ਕੌਂਸਲ ਦੇ ਦਫ਼ਤਰ ਤੋਂ ਸ਼ੁਰੂ ਕਰਦਿਆਂ ਸ਼ਹਿਰ ਦੇ ਵਾਰਡ ਨੰ. 6 ਵਿੱਚ ਮਿਸ਼ਨ ਫਤਿਹ ਦੇ ਪੋਸਟਰ ਵੰਡ ਕੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ।
ਇਸ ਮੁਹਿੰਮ ਤਹਿਤ ਮਾਸਕ ਵੀ ਵੰਡੇ ਗਏ। ਕਾਰਜ ਸਾਧਕ ਅਫ਼ਸਰ ਬਲਜਿੰਦਰ ਕੌਰ ਨੇ ਦੱਸਿਆ ਕਿ ਸਰਕਾਰੀ ਨੇਮਾਂ ਪਾਲਣਾ ਕਰਕੇ ਕਰੋਨਾ ਤੋਂ ਬਚਿਆ ਜਾ ਸਕਦਾ ਹੈ। ਇਸੇ ਤਰ੍ਹਾਂ ਸਾਂਝ ਗਲੋਬਲ ਫਾਊਂਡੇਸ਼ਨ ਦੀ ਟੀਮ ਮੈਂਬਰਾਂ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਲੋਕਾਂ ਨੂੰ ਕਰੋਨਾ ਤੋਂ ਸੁਚੇਤ ਰਹਿਣ ਅਤੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਰਾਹਗੀਰਾਂ ਨੂੰ ਮਾਸਟਰ ਗੁਰਧਿਆਨ ਸਿੰਘ ਵੱਲੋਂ ਮਾਸਕ ਵੰਡੇ ਗਏ। ਇਸ ਮੌਕੇ ਸੰਸਥਾ ਆਗੂ ਗੁਰਪਿਆਰ ਸਿੰਘ ਦਿਉਗੜ੍ਹ, ਹਰਬੰਸ ਸਿੰਘ ਬੰਗੇ, ਰਾਜਵਿੰਦਰ ਸਿੰਘ ਮਾਹਲ, ਅਵਤਾਰ ਸਿੰਘ, ਅਰਸ਼,ਜੈ ਦੀਪ ਸਿੰਘ ਆਦਿ ਹਾਜ਼ਰ ਸਨ।
ਡੇਂਗੂ ਤੇ ਪੌਲੀਥੀਨ ਬੈਗ ਖ਼ਿਲਾਫ਼ ਜਾਗਰੂਕਤਾ ਮੁਹਿੰਮ ਸ਼ੁਰੂ
ਪਟਿਆਲਾ(ਖੇਤਰੀ ਪ੍ਰਤੀਨਿਧ): ਇਥੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਸਫ਼ਲ ਬਣਾਉਣ ਲਈ ਨਗਰ ਨਿਗਮ ਨੇ ਕਰੋਨਾ ਅਤੇ ਡੇਂਗੂ ਨੂੰ ਜਿੱਤਣ ਲਈ ਜਾਗਰੂਕਤਾ ਮੁਹਿੰਮ ਵਾਰਡ ਨੰਬਰ 40 ਤੋਂ ਸ਼ੁਰੂ ਕੀਤੀ, ਜਿਸ ਦੌਰਾਨ ਮੇਅਰ ਸੰਜੀਵ ਬਿੱਟੂ ਨੇ ਲੋਕਾਂ ਨੂੰ ਵੀ ਕਈ ਘਰਾਂ ’ਚ ਜਾ ਕੇ ਮਿਸ਼ਨ ਫਤਿਹ ਦਾ ਹਿੱਸਾ ਬਣਨ ਦਾ ਸੰਦੇਸ਼ ਪਹੁੰਚਾਇਆ। ਆਪਣੇ ਸੰਬੋਧਨ ਵਿੱਚ ਮੇਅਰ ਨੇ ਕਿਹਾ ਕਿ ਲੋਕਾਂ ਨੂੰ ਕਰੋਨਾਵਾਇਰਸ ਦੇ ਨਾਲ-ਨਾਲ ਡੇਂਗੂ ਦੇ ਪ੍ਰਕੋਪ ਤੋਂ ਵੀ ਬਚਣਾ ਪਵੇਗਾ। ਇਹ ਜਾਗਰੂਕਤਾ ਮੌਜੂਦਾ ਮਹਾਂਮਾਰੀ ਤੋਂ ਬਚਣ ਦਾ ਮੁੱਖ ਅਧਾਰ ਹੈ। ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰਨ ਤੋਂ ਬਚਾਅ ਲਈ ਪੌਲੀਥੀਨ ਬੈਗਾਂ ਦੀ ਵਰਤੋਂ ਤੁਰੰਤ ਬੰਦ ਕਰਨਾ ਮਹੱਤਵਪੂਰਨ ਰਹੇਗਾ। ਮੇਅਰ ਨੇ ਕਿਹਾ ਕਿ ਇਸ ਮੁਹਿੰਮ ਨੂੰ ਹਰ ਵਾਰਡ ਤੱਕ ਪਹੁੰਚਾਇਆ ਜਾਵੇਗਾ ਅਤੇ ਹਰ ਕੌਂਸਲਰ ਦੀ ਇਸ ਮੁਹਿੰਮ ਵਿੱਚ ਅਹਿਮ ਭੂਮਿਕਾ ਰਹੇਗੀ। ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਲਾਲ ਵਿਸ਼ਵਾਸ ਨੇ ਕਿਹਾ ਕਿ ਨਿਗਮ ਦੇ ਸਫਾਈ ਸੈਨਿਕ, ਬਰਸਾਤੀ ਮੌਸਮ ਨੂੰ ਵੇਖਦੇ ਹੋਏ ਪਹਿਲਾਂ ਹੀ ਸਫਾਈ ਵਿਵਸਥਾ ਨੂੰ ਹੋਰ ਤੇਜ਼ ਕਰ ਚੁੱਕੇ ਹਨ। ਉਨ੍ਹਾਂ ਅਪੀਲ ਕੀਤੀ ਕਿ ਸੰਕਟ ਦੀ ਮੌਜੂਦਾ ਘੜੀ ਵਿੱਚ ਸਰਕਾਰ ਵਲੋਂ ਜਾਰੀ ਆਦੇਸ਼ਾਂ ਦਾ ਪਾਲਣਾ ਕਰਦਿਆਂ, ਕੋਵਾ ਐਪ ਡਾਊਨਲੋਡ ਕਰਨੀ ਚਾਹੀਦੀ ਹੈ।
ਤਕਨੀਕੀ ਸਿੱਖਿਆ ਸੰਸਥਾਵਾਂ ਨੇ ਵੀ ਕਰੋਨਾ ਖ਼ਿਲਾਫ਼ ਕਮਰ ਕੱਸੀ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਪਟਿਆਲਾ ਜ਼ਿਲੇ ਵਿੱਚ ਕੋਵਿਡ-19 ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਜ਼ਿਲ੍ਹੇ ਦੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਵੀ ਹੁਣ ਅੱਗੇ ਆਈਆਂ ਹਨ। ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਦੇ ਪ੍ਰਿੰਸੀਪਲ. ਰਵਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਕਾਲਜ ਵੱਲੋਂ 29 ਜੂਨ ਤੋਂ ਘਰ ਘਰ ਜਾਕੇ ਕੋਵਿਡ-19 ਸਬੰਧੀ ਜਾਗਰੂਕਤਾ ਫੈਲਾਈ ਜਾਵੇਗੀ ਅਤੇ ਪੰਜਾਬ ਸਰਕਾਰ ਵੱਲੋਂ ਵਿਕਸਤ ਕੀਤੀ ਕੋਵਾ ਐਪ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਮੁਹਿੰਮ ਦੇ ਨੋਡਲ ਅਫ਼ਸਰ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਜਾਗਰੂਕਤਾ ਮੁਹਿੰਮ ਲਈ 27 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਸੋਮਵਾਰ ਨੂੰ ਬਿਸ਼ਨ ਨਗਰ, ਨਵਾਂ ਬਿਸ਼ਨ ਨਗਰ, ਤੇਜ ਬਾਗ ਕਲੋਨੀ, ਮਥੁਰਾ ਕਲੋਨੀ, ਰਾਮ ਨਗਰ, ਜੁਝਾਰ ਨਗਰ, ਟਰੱਕ ਯੂਨੀਅਨ ਅਤੇ ਟਰੈਕਟਰ ਮਾਰਕੀਟ ਵਿੱਚ ਇਕ ਹਜ਼ਾਰ ਪਰਿਵਾਰਾਂ ਨੂੰ ਜਾਗਰੂਕ ਕਰਨ ਲਈ ਜਾਣਗੀਆਂ।