ਖੇਤਰੀ ਪ੍ਰਤੀਨਿਧ
ਪਟਿਆਲਾ, 4 ਜਨਵਰੀ
ਪਟਿਆਲਾ ਜ਼ਿਲ੍ਹੇ ’ਚ ਇੱਕ ਵਾਰ ਫੇਰ ਕਰੋਨਾ ਪੈਰ ਪਸਾਰਨ ਲੱਗਾ ਹੈ। ਮੰਗਲਵਾਰ ਨੂੰ ਜ਼ਿਲ੍ਹੇ ਭਰ ’ਚ 366 ਪਾਜ਼ੇਟਿਵ ਕੇਸ ਮਿਲੇ ਹਨ ਤੇ ਚਾਰ ਦਿਨਾਂ ’ਚ ਇਥੇ 740 ਪਾਜ਼ੇਟਿਵ ਕੇਸ ਆਏ ਹਨ। ਉਧਰ, ਲੰਘੀ ਰਾਤ ਗੌਰਮਿੰਟ ਮੈਡੀਕਲ ਕਾਲਜ ਤੇ ਸਰਕਾਰੀ ਰਾਜਿੰਦਰਾ ਹਸਪਤਾਲ ਨਾਲ ਸਬੰਧਤ 14 ਸੀਨੀਅਰ ਡਾਕਟਰਾਂ ਤੇ 54 ਜੂਨੀਅਰ ਡਾਕਟਰਾਂ (ਜੂਨੀਅਰ ਰੈਜੀਡੈਂਟਸ) ਸਣੇ ਐੱਮਬੀਬੀਐੱਸ ਦੇ 34 ਵਿਦਿਆਰਥੀ ਵੀ ਕਰੋਨਾ ਦੀ ਲਪੇਟ ’ਚ ਆ ਗਏ। ਪਿਛਲੀ ਵਾਰ ਭਾਵੇਂ ਕਰੋਨਾ ਦਾ ਵਧੇਰੇ ਪ੍ਰਕੋਪ ਰਿਹਾ, ਪਰ ਇਸ ਕਦਰ ਏਨੀ ਵੱਡੀ ਗਿਣਤੀ ’ਚ ਡਾਕਟਰ ਪਾਜ਼ੇਟਿਵ ਨਹੀਂ ਸੀ ਪਾਏ ਗਏ। ਜਿਸ ਕਾਰਨ ਹਾਹਾਕਾਰ ਮੱਚ ਗਈ ਹੈ। ਮੈਨੇਜਮੈਂਟ ਵੱਲੋਂ ਮੈਡੀਕਲ ਕਾਲਜ ਦਾ ਸਬੰਧਤ ਹੋਸਟਲ ਵੀ ਖਾਲੀ ਕਰਵਾਇਆ ਜਾ ਰਿਹਾ ਹੈ ਤੇ ਉਕਤ ਦੇ ਸੰਪਰਕ ’ਚ ਰਹੇ ਡਾਕਟਰਾਂ ਤੇ ਵਿਦਿਆਰਥੀਆਂ ਦੇ ਟੈਸਟ ਕੀਤੇ ਜਾ ਰਹੇ ਹਨ। ਡਾਕਟਰਾਂ ਦੇ ਪਾਜ਼ੇਟਿਵ ਪਾਏ ਜਾਣ ਦਾ ਪ੍ਰਭਾਵ ਰਾਜਿੰਦਰਾ ਹਸਪਤਾਲ ’ਤੇ ਵੀ ਪਵੇਗਾ ਕਿਉਂਕਿ ਮਾਲਵਾ ਦੇ ਇਸ ਵੱਡੇ ਹਸਪਤਾਲ ’ਚ ਪੰਜਾਬ ਸਮੇਤ ਗੁਆਂਢੀ ਰਾਜਾਂ ਤੋਂ ਵੀ ਵਧੇਰੇ ਮਰੀਜ਼ ਆਉਂਦੇ ਹਨ।
ਲੰਘੀ ਦੇਰ ਰਾਤ ਡਾਕਟਰਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਸਬੰਧੀ ਪਤਾ ਲੱਗਣ ’ਤੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਵੀ ਅੱਧੀ ਰਾਤੋਂ ਹਸਪਤਾਲ ਤੇ ਕਾਲਜ ਪ੍ਰਬੰਧਕਾਂ ਨੂੰ ਨਾਲ਼ ਲੈ ਕੇ ਕਾਲਜ ਦਾ ਦੌਰਾ ਕੀਤਾ। ਉਨ੍ਹਾਂ ਨੇ ਅੱਜ ਵੀ ਹਸਪਤਾਲ ਪ੍ਰਬੰਧਕਾਂ, ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਤੇ ਨੋਡਲ ਅਫਸਰ ਡਾ. ਸੁਮੀਤ ਸਿੰਘ ਆਦਿ ਨਾਲ ਮੀਟਿੰਗ ਕਰਕੇ ਸਥਿਤ ’ਤੇ ਕਾਬੂ ਪਾਉਣ ਸਬੰਧੀ ਵਿਚਾਰ ਚਰਚਾ ਕੀਤੀ।
ਉਧਰ, ਅੱਜ ਪੰਜਾਬੀ ਯੂਨੀਵਰਸਿਟੀ ਦੇ ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਦੋ ਮੁਲਾਜ਼ਮਾਂ ਦੇ ਪਾਜ਼ੇਟਿਵ ਪਾਏ ਜਾਣ ਮਗਰੋਂ ਡੀਨ ਅਕਾਦਮਿਕ ਮਾਮਲੇ ਡਾ. ਬਲਵੀਰ ਸਿੰਘ ਸੰਧੂ ਵੱਲੋਂ ਯੂਨੀਵਰਸਿਟੀ ਦੇ ਸਮੂਚੇ ਅਮਲੇ ਨੂੰ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾਂ ਯਕੀਨੀ ਬਦਾਉਣ ਦੀ ਤਾਕੀਦ ਕੀਤੀ ਹੈ।
ਕੈਟਰਿੰਗ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ
ਪਟਿਆਲਾ (ਖੇਤਰੀ ਪ੍ਰਤੀਨਿਧ) ਵਿਆਹ ਸ਼ਾਦੀਆਂ ਤੇ ਹੋਰ ਸਮਾਗਮਾਂ ਮੌਕੇ ਖਾਣ ਪੀਣ ਵਾਲੀਆਂ ਵਸਤਾਂ ਤਿਆਰ ਕਰਨ ਤੇ ਵਰਤਾਉਣ ਵਾਲੇ ਵੇਟਰਾਂ ਨੂੰ ਕੋਵਿਡ ਸਾਵਧਾਨੀਆਂ ਅਪਣਾਉਣ ਬਾਰੇ ਦਿਸ਼ਾ ਨਿਰਦੇਸ਼ ਦੇਣ ਲਈ ਸਿਵਲ ਸਰਜਨ ਡਾ.ਪ੍ਰਿੰਸ ਸੋਢੀ ਨੇ ਕੈਟਰਿੰਗ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪ ਣੇ ਅਧੀਨ ਕੰਮ ਕਰਦੇ ਸਾਰੇ ਵਰਕਰਾਂ ਤੇ ਵੇਟਰਾਂ ਦਾ ਕੋਵਿਡ ਟੀਕਾਕਰਨ ਯਕੀਨੀ ਬਣਾਉਣ। ਹਰ ਵਰਕਰ/ਵੇਟਰ ਦੀ ਕੋਵਿਡ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗੀਆਂ ਹੋਣੀਆਂ ਜ਼ਰੂਰੀ ਹਨ।