ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਸਤੰਬਰ
ਇਥੇ ਭਵਾਨੀਗੜ੍ਹ ਰੋਡ ’ਤੇ ਸਥਿਤ ਐਵੀਏਸ਼ਨ ਕਲੱਬ ਦੇ ਸਾਹਮਣੇ ਮਿਲਟਰੀ ਏਰੀਆ ’ਚ ਚੱਲ ਰਹੀ ਭਰਤੀ ਰੈਲੀ ਦੌਰਾਨ ਅੱਜ ਉਨ੍ਹਾਂ ਕਈ ਨੌਜਵਾਨਾਂ ਨੂੰ ਭਰਤੀ ਕੇਂਦਰ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ, ਜਿਨ੍ਹਾਂ ਦੇ ਪੁਲੀਸ ਵੈਰੀਫਿਕੇਸ਼ਨ ਸਬੰਧੀ ਫਾਰਮ ’ਤੇ ਲੱਗੀ ਫੋਟੋ ਉੱਪਰ ਮੋਹਰਾਂ ਨਹੀਂ ਲੱਗੀਆਂ ਹੋਈਆਂ ਸਨ। ਭਰਤੀ ਸਬੰਧੀ ਸਮੁੱਚੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਫੌਜ ਦੇ ਅਧਿਕਾਰੀਆਂ ਦਾ ਤਰਕ ਸੀ ਕਿ ਭਾਵੇਂ ਫਾਰਮ ਲੈ ਕੇ ਪੁੱਜਿਆ ਉਮੀਦਵਾਰ ਯੋਗ ਵੀ ਹੋ ਸਕਦਾ ਹੈ, ਪਰ ਪੁਲੀਸ ਅਧਿਕਾਰੀ ਦੀ ਮੋਹਰ ਉਸ ਦੇ ਫਾਰਮ ’ਤੇ ਲੱਗੀ ਫੋਟੋ ਦੇ ਉਪਰ ਲੱਗੀ ਹੋਣੀ ਅਤਿ ਜ਼ਰੂਰੀ ਹੈ। ਇਸ ਤਰ੍ਹਾਂ ਫੋਟੋ ’ਤੇ ਮੋਹਰ ਵਿਹੂਣੇ ਕਈ ਨੌਜਵਾਨਾਂ ਨੂੰ ਜਦੋਂ ਭਰਤੀ ਕੈਂਪ ਦੇ ਅੰਦਰ ਨਾ ਜਾਣ ਦਿੱਤਾ ਗਿਆ, ਤਾਂ ਉਨ੍ਹਾਂ ਨੇ ਭਰਤੀ ਵਾਲ਼ੀ ਥਾਂ ਦੇ ਸਾਹਮਣੇ ਸਥਿਤ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਧਰਨਾ ਦਿੱਤਾ। ਇਸ ਕਾਰਨ ਪੁਲੀਸ ਫੋਰਸ ਵੀ ਬੁਲਾਉਣੀ ਪਈ। ਧਰਨੇ ’ਤੇ ਬੈਠੇ ਕਈ ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਸਵੇਰੇ ਢਾਈ ਵਜੇ ਤੋਂ ਲਾਈਨ ’ਚ ਲੱਗੇ ਹੋਏ ਸਨ ਪਰ ਕਈ ਘੰਟਿਆਂ ਮਗਰੋਂ ਜਦੋਂ ਅੰਦਰ ਜਾਣ ਲਈ ਉਨ੍ਹਾਂ ਦੀ ਵਾਰੀ ਆਈ ਤਾਂ ਉਨ੍ਹਾਂ ਨੂੰ ਅੰਦਰ ਜਾਣ ਤੋਂ ਹੀ ਰੋਕ ਦਿੱਤਾ ਗਿਆ। ਇਨ੍ਹਾਂ ਨੌਜਵਾਨਾ ਦਾ ਤਰਕ ਸੀ ਕਿ ਜੇਕਰ ਕਿਸੇ ਪੁਲੀਸ ਵਾਲ਼ੇ ਨੇ ਮੋਹਰ ਫੋਟੋ ਦੇ ਬਿਲਕੁਲ ਉੱਪਰ ਲਾਉਣ ਦੀ ਬਜਾਏ, ਫੋਟੋ ਦੇ ਨੇੜੇ ਲਾ ਦਿੱਤੀ ਤਾਂ ਇਸ ਵਿੱਚ ਉਮੀਦਵਾਰਾਂ ਦਾ ਕੀ ਕਸੂਰ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣੇ ਥਾਣਿਆਂ ’ਚ ਜਾ ਕੇ ਮੋਹਰ ਦਰੁਸਤ ਕਰਕੇ ਲਵਾ ਕੇ ਲਿਆਉਣ ਲਈ ਤਿਆਰ ਹਨ, ਪਰ ਉਨ੍ਹਾਂ ਨੂੰ ਭਰਤੀ ’ਚ ਹਿੱਸਾ ਲੈਣ ਦਾ ਮੌਕਾ ਜ਼ਰੂਰ ਦਿੱਤਾ ਜਾਵੇ।
ਰਾਜਿੰਦਰਾ ਹਸਪਤਾਲ ਪੁਲੀਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਜਪਨਾਮ ਸਿੰਘ ਵਿਰਕ ਦੀ ਅਗਵਾਈ ਹੇਠ ਤਾਇਨਾਤ ਪੁਲੀਸ ਫੋਰਸ ਇਨ੍ਹਾਂ ਨੌਜਵਾਨਾਂ ਨੂੰ ਧਰਨਾ ਲਾਉਣ ਦੀ ਜ਼ਿੱਦ ਛੱਡ ਕੇ ਫੋਟੋਆਂ ’ਤੇ ਮੋਹਰਾਂ ਦੁਬਾਰਾ ਲਵਾ ਕੇ ਲਿਆਉਣ ਲਈ ਪ੍ਰੇਰ ਰਹੇ ਸਨ। ਉਧਰ ਭਰਤੀ ਲਈ ਆਏ ਨੌਜਵਾਨਾਂ ਦੀ ਫੋਟੋ ਦੇ ਉੱਪਰ ਮੋਹਰ ਨਾ ਲੱਗੀ ਹੋਣ ਕਾਰਨ ਉਨ੍ਹਾਂ ਨੂੰ ਅੰਦਰ ਨਾ ਜਾਣ ਦਿੱਤਾ ਗਿਆ। ਇਸ ਮਗਰੋਂ ਧਰਨੇ ’ਤੇ ਬੈਠੇ ਇਨ੍ਹਾਂ ਨੌਜਵਾਨਾਂ ਨੂੰ ਪੁਲੀਸ ਨੇ ਵੀ ਖਦੇੜ ਦਿੱਤਾ।