ਗੁਰਨਾਮ ਸਿੰਘ ਚੌਹਾਨ/ ਸ਼ਹਬਿਾਜ਼ ਸਿੰਘ
ਪਾਤੜਾਂ/ਘੱਗਾ , 22 ਮਈ
ਕਸਬਾ ਘੱਗਾ ਵਿੱਚ ਸਥਿਤ ਦਾ ਕੇਂਦਰੀ ਪਟਿਆਲਾ ਸਹਿਕਾਰੀ ਬੈਂਕ ਦੀ ਬ੍ਰਾਂਚ ਵਿਚ ਸਟਾਫ ਦੀ ਘਾਟ ਕਾਰਨ ਕਿਸਾਨਾਂ ਨੂੰ ਅਤੇ ਗਾਹਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਿਛਲੇ ਕਾਫ਼ੀ ਦਿਨਾਂ ਤੋਂ ਕਰੋਨਾ ਦਾ ਬਹਾਨਾ ਲਾਉਂਦਿਆਂ ਬੈਂਕ ਮੈਨੇਜਮੈਂਟ ਵੱਲੋਂ ਘੱਗਾ ਸਥਿਤ ਇਸ ਬਰਾਂਚ ਵਿੱਚ ਸਟਾਫ ਦੀ ਵੱਡੇ ਪੱਧਰ ’ਤੇ ਕਟੌਤੀ ਕਰ ਦਿੱਤੀ ਗਈ ਹੈ ਜਿਸ ਦੇ ਨਤੀਜੇ ਵਜੋਂ ਬੈਂਕ ਵਿਚ ਗਾਹਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ । ਖਪਤਕਾਰਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਅਮਰੀਕ ਸਿੰਘ ਦੇ ਧਿਆਨ ਵਿੱਚ ਮਾਮਲਾ ਲਿਆਂਦਾ । ਜਿਸ ਮਗਰੋਂ ਡਿਪਟੀ ਰਜਿਸਟਰਾਰ ਪਟਿਆਲਾ ਵੱਲੋਂ ਸਮਾਣਾ ਬ੍ਰਾਂਚ ਵਿੱਚੋਂ ਕਿਸੇ ਮੁਲਾਜ਼ਮ ਦੀ ਸਪੈਸ਼ਲ ਡਿਊਟੀ ਲਾਉਂਦਿਆਂ ਲਗਪਗ ਇੱਕ ਵਜੇ ਦੇ ਕਰੀਬ ਉਸ ਮੁਲਾਜ਼ਮ ਨੂੰ ਬੈਂਕ ਵਿੱਚ ਭੇਜਿਆ ਗਿਆ । ਇਸ ਉਪਰੰਤ ਕਿਸਾਨਾਂ ਦਾ ਅਤੇ ਗਾਹਕਾਂ ਦਾ ਲੈਣ ਦੇਣ ਦਾ ਕੰਮ ਸ਼ੁਰੂ ਹੋ ਸਕਿਆ। ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਬ੍ਰਾਂਚ ਵਿੱਚ ਨਾ ਤਾਂ ਪੀਣ ਲਈ ਪਾਣੀ ਦਾ ਉੱਚਿਤ ਪ੍ਰਬੰਧ ਹੈ ਤੇ ਨਾ ਹੀ ਸਟਾਫ਼ ਪੂਰਾ ਆਉਂਦਾ ਹੈ। ਉਨ੍ਹਾਂ ਮੰਗਾਂ ਨਾ ਮੰਨਣ ’ਤੇ ਬੈਂਕ ਮੂਹਰੇ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ ।