ਪੱਤਰ ਪ੍ਰੇਰਕ
ਪਟਿਆਲਾ, 13 ਜੁਲਾਈ
ਡੀਜ਼ਲ ਇੰਜਣ ਨਵੀਂਨੀਕਰਨ ਵਰਕਸ਼ਾਪ (ਡੀਐੱਮਡਬਲਯੂ) ਵਿੱਚ ਭਾਰਤ ਦੀਆਂ ਬਿਜਲੀ ਟਰੈਕ ਤੇ ਬਿਜਲੀ ਦੀਆਂ ਲਾਈਨਾਂ ਠੀਕ ਕਰਨ ਲਈ ਡੀਜ਼ਲ ਇਲੈਕਟ੍ਰੀਕਲ ਟਾਵਰ ਕਾਰਾਂ (ਡੀਈਟੀਸੀ) ਬਣਾਈਆਂ ਜਾ ਰਹੀਆਂ ਹਨ, ਕਰੋਨਾ ਦੇ ਕਹਿਰ ਦੇ ਬਾਵਜੂਦ ਇੱਥੇ ਡੀ.ਈ.ਟੀ.ਸੀ. ਬਣਨੀਆਂ ਜਾਰੀ ਰਹੀਆਂ।
ਪਹਿਲਾਂ ਇਹ ਡੀਈਟੀਸੀ ਇੰਟਗ੍ਰਨ ਕੋਚ ਫੈਕਟਰੀ ਮਦਰਾਸ ਵਿੱਚ ਬਣਾਈਆਂ ਜਾਂਦੀਆਂ ਸਨ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੇ ਭਾਰਤ ਵਿੱਚ ਸਾਰੀਆਂ ਰੇਲ ਗੱਡੀਆਂ ਬਿਜਲੀ ਨਾਲ ਚੱਲਣ ਦੇ ਦਿੱਤੇ ਬਿਆਨ ਤੋਂ ਬਾਅਦ ਹੁਣ ਇਹ ਟਾਵਰ ਕਾਰਾਂ ਪਟਿਆਲਾ ਵਿੱਚ ਬਣਾਉਣ ਦਾ ਹੁਕਮ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਡੀਐੱਮਡਬਲਯੂ ਪਟਿਆਲਾ ਨੂੰ ਇਸ ਸਾਲ 90 ਟਾਵਰ ਕਾਰਾਂ ਬਣਾਉਣ ਦਾ ਟੀਚਾ ਦਿੱਤਾ ਗਿਆ ਹੈ ਅਤੇ 40 ਇਲੈਕਟ੍ਰਿਕ ਇੰਜਣ ਬਣਾਉਣ ਲਈ ਹੁਕਮ ਹੋਇਆ ਹੈ। ਮਾਰਚ-ਅਪਰੈਲ ਦੌਰਾਨ ਲੌਕਡਾਊਨ ਕਰਕੇ ਵਰਕਸ਼ਾਪ ਵਿੱਚ ਕੰਮ ਨਹੀਂ ਹੋਇਆ ਪਰ ਮਈ ਵਿੱਚ 2 ਟਾਵਰ ਕਾਰਾਂ ਬਣਾ ਦਿੱਤੀਆਂ ਅਤੇ ਜੂਨ ਵਿੱਚ 8 ਟਾਵਰ ਕਾਰਾਂ ਬਣਾਈਆਂ ਗਈਆਂ ਜਦਕਿ 5 ਇਲੈਕਟ੍ਰਿਕ ਇੰਜਣ ਬਣਾਏ ਗਏ। ਇਸ ਸਬੰਧ ਵਿੱਚ ਯੂਨੀਅਨ ਆਗੂ ਜੁਮੇਰਦੀਨ ਤੇ ਰਤਨ ਚੰਦ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੱਤ ਉਤਪਾਦਨ ਇਕਾਈਆਂ ਸਮੇਤ ਡੀਐੱਮਡਬਲਯੂ ਪਟਿਆਲਾ ਨੂੰ ਵੀ ਨਿੱਜੀਕਰਨ/ਨਿਗਮੀਕਰਨ ਕਰਨ ਦੀ ਕਾਰਵਾਈ ਆਰੰਭੀ ਹੈ, ਪਰ ਅਸੀਂ ਇੱਥੇ ਦੱਸ ਦਿੱਤਾ ਹੈ ਕਿ ਸਾਡੀਆਂ ਉਤਪਾਦਨ ਇਕਾਈਆਂ ਨੂੰ ਨਿੱਜੀਕਰਨ ਜਾਂ ਨਿਗਮੀਕਰਨ ਦੀ ਲੋੜ ਨਹੀਂ ਹੈ, ਸਾਡੇ ਕਾਬਲ ਕਰਮਚਾਰੀ ਟੀਚਿਆਂ ਤੋਂ ਵੱਧ ਕੰਮ ਕਰਕੇ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਟਾਵਰ ਕਾਰਾਂ ਮਦਰਾਸ ਵਿੱਚ ਬਣਦੀਆਂ ਸਨ ਪਰ ਹੁਣ ਸਾਰੇ ਭਾਰਤ ਨੂੰ ਪਟਿਆਲਾ ਤੋਂ ਹੀ ਸਪਲਾਈ ਹੋਵੇਗੀ।