ਕਾਂਸਟੀਚੁਐਂਟ ਕਾਲਜ ਅਧਿਆਪਕਾਂ ਨੇ ਧਰਨੇ ਨੂੰ ਦਿਨ ਰਾਤ ’ਚ ਕੀਤਾ ਤਬਦੀਲ

ਕਾਂਸਟੀਚੁਐਂਟ ਕਾਲਜ ਅਧਿਆਪਕਾਂ ਨੇ ਧਰਨੇ ਨੂੰ ਦਿਨ ਰਾਤ ’ਚ ਕੀਤਾ ਤਬਦੀਲ

ਗੈਸਟ ਫੈਕਲਟੀ ਅਧਿਆਪਕ ਰੋਸ ਧਰਨਾ ਦਿੰਦੇ ਹੋਏ।

ਰਵੇਲ ਸਿੰਘ ਭਿੰਡਰ
ਪਟਿਆਲਾ, 5 ਅਗਸਤ

ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੁਐਂਟ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਅੱਜ ਦੂਜੇ ਦਿਨ ਵੀ ਪੰਜਾਬੀ ਯੂਨੀਵਰਸਿਟੀ ’ਚ ਰੋਸ ਧਰਨਾ ਦਿੱਤਾ ਗਿਆ। ਅਜਿਹੇ ਪ੍ਰਦਰਸ਼ਕਾਰੀਆਂ ਨੂੰ ਅੱਜ ਪਹਿਲਾਂ ਯੂਨੀਵਰਸਿਟੀ ਦੇ ਮੇਨ ਗੇਟ ਤੋਂ ਅੱਗੇ ਵਧਣ ਤੋਂ ਵੀ ਰੋਕਿਆ ਗਿਆ ਪਰ ਉਥੇ ਨਾਅਰੇਬਾਜ਼ੀ ਕਰਨ ਮਗਰੋਂ ਆਖ਼ਿਰ ਪ੍ਰਦਰਸ਼ਨਕਾਰੀ ਕੈਂਪਸ ’ਚ ਜਾਣ ’ਚ ਸਫਲ ਹੋ ਗਏ। ਉਧਰ, ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਅੱਜ ਤੋਂ ਰੋਸ ਪ੍ਰਦਰਸ਼ਨ ਨੂੰ ਦਿਨ ਰਾਤ ’ਚ ਤਬਦੀਲ ਕਰਨ ਦਾ ਵੀ ਐਲਾਨ ਕੀਤਾ ਗਿਆ। ਗੈਸਟ ਫੈਕਲਟੀ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਦੀ ਬਿਨਾਂ ਦੇਰੀ ਦੁਬਾਰਾ ਜੁਆਈਨਿੰਗ, 23 ਮਾਰਚ 2020 ਨੂੰ ਹੋਈ ਸਿੰਡੀਕੇਟ ਦੀ ਮੀਟਿੰਗ ਵਿੱਚ ਪਾਸ ਹੋਏ ਤਨਖਾਹ ’ਚ ਵਾਧੇ ਤੇ ਐਬਸੈਂਟੀ ਦੇ ਆਧਾਰ ’ਤੇ ਤਨਖਾਹ ਦੇਣ ਤੇ ਪਿਛਲੇ ਸੈਸ਼ਨ (2019-2020) ਦੀਆਂ ਰੁਕੀਆਂ ਤਨਖਾਹਾਂ ਜਲਦੀ ਰਿਲੀਜ਼ ਕਰਨੀਆਂ ਚਾਹੀਦੀਆਂ ਹਨ। ਅਧਿਆਪਕਾਂ ਨੇ ਨਾਅਰੇਬਾਜ਼ੀ ਦੌਰਾਨ ਵੀਸੀ ਦਫ਼ਤਰ ਅੱਗੇ ਪੱਕਾ ਦਿਨ ਰਾਤ ਦਾ ਧਰਨਾ ਆਰੰਭਿਆ ਗਿਆ। ਅਥਾਰਟੀ ਨਾਲ ਲੰਮਾਂ ਸਮਾਂ ਮੀਟਿੰਗ ਤੋਂ ਬਾਅਦ ਵੀ ਕੋਈ ਸਾਰਥਕ ਸਿੱਟਾ ਨਹੀਂ ਨਿਕਲਿਆ ਇਸ ਉਪਰੰਤ ਕਾਂਸਟੀਚੂਐਂਟ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਡਾ. ਗੁਰਦਾਸ ਸਿੰਘ ਤੇ ਕਮੇਟੀ ਦੇ ਹੋਰ ਮੈਂਬਰ ਬਲਵਿੰਦਰ ਸਿੰਘ, ਅਮਨਦੀਪ ਸਿੰਘ, ਰਾਜੀਵਇੰਦਰ ਸਿੰਘ, ਕੁਲਵਿੰਦਰ ਸਿੰਘ, ਸ਼ਾਹਬਾਜ ਸਿੰਘ ਆਦਿ ਨੇ ਕਿਹਾ ਕਿ ਜਦੋਂ ਤੱਕ ਯੂਨੀਵਰਸਿਟੀ ਅਥਾਰਿਟੀ ਉਨ੍ਹਾਂ ਦੀਆਂ ਮੰਗਾਂ ਲਿਖਤੀ ਨਹੀਂ ਮੰਨਦੀ ਉਦੋਂ ਤੱਕ ਧਰਨਾ ਦਿਨ ਰਾਤ ਜਾਰੀ ਰੱਖਿਆ ਜਾਵੇਗਾ।

ਐਕਸ਼ਨ ਕਮੇਟੀ ਵੱਲੋਂ ਮਸਲਾ ਹੋਣ ਤੱਕ ਸੰਘਰਸ਼ ਜਾਰੀ ਰੱਖਣਾ ਦਾ ਫੈਸਲਾ

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਅੱਜ ਤੇਰਵੇਂ ਦਿਨ ਵੀ ਅਧਿਆਪਨ ਤੇ ਗੈਰ-ਅਧਿਆਪਨ ਅਮਲੇ ਦੀਆਂ ਮੰਗਾਂ ਤੇ ਮਸਲਿਆਂ ਦੇ ਹੱਲ ਲਈ ਰੋਸ ਧਰਨਾ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਸਪੈਸ਼ਲ ਵਿੱਤੀ ਸਹਾਇਤਾ ਤੇ ਸਮੇਂ ਸਿਰ ਤਨਖਾਹਾਂ ਤੇ ਪੈਨਸ਼ਨਾਂ ਦੀ ਬਹਾਲੀ ਦੀ ਮੰਗ ’ਤੇ ਐਕਸ਼ਨ ਕਮੇਟੀ ਨੇ ਮਸਲਾ ਹੱਲ ਹੋਣ ਤੱਕ ਸੰਘਰਸ਼ ਮਘਾਈ ਰੱਖਣ ਦਾ ਐਲਾਨ ਕੀਤਾ। ਰੋਸ ਧਰਨੇ ਦੌਰਾਨ ਡਾ. ਬਲਵਿੰਦਰ ਸਿੰਘ ਟਿਵਾਣਾ, ਡਾ. ਨਿਸ਼ਾਨ ਸਿੰਘ ਦਿਓਲ (ਡੀਟੀਸੀ ਕਨਵੀਨਰ), ਡਾ. ਰਾਜਬੰਸ ਸਿੰਘ ਗਿੱਲ (ਐੱਸਆਈਐੱਫ ਕਨਵੀਨਰ), ਇੰਜ. ਸੁਮਨਦੀਪ ਕੌਰ ਤੇ ਇੰਜ. ਚਰਨਜੀਤ ਸਿੰਘ (ਮੌਜੂਦਾ ਉਪ-ਪ੍ਰਧਾਨ ਤੇ ਪੂਟਾ ਦੇ ਕਾਰਜਕਾਰੀ ਮੈਂਬਰ), ਡਾ. ਭੁਪਿੰਦਰ ਸਿੰਘ ਵਿਰਕ, ਇੰਜ. ਹਰਵਿੰਦਰ ਸਿੰਘ ਧਾਲੀਵਾਲ, ਡਾ. ਜਸਦੀਪ ਸਿੰਘ ਤੂਰ ਤੇ ਡਾ. ਰਾਜਵਿੰਦਰ ਸਿੰਘ ਢੀਂਡਸਾ (ਸਾਬਕਾ ਪ੍ਰਧਾਨ, ਉਪ-ਪ੍ਰਧਾਨ, ਸਕੱਤਰ ਤੇ ਪੂਟਾ ਦੇ ਸੰਯੁਕਤ ਸਕੱਤਰ), ਬਲਵੰਤ ਸਿੰਘ (ਸਾਬਕਾ ਡਿਪਟੀ ਰਜਿਸਟਰਾਰ), ਗੁਰਿੰਦਰਪਾਲ ਸਿੰਘ ਬੱਬੀ ਆਦਿ ਨੇ ਵਿਚਾਰ ਵਟਾਂਦਰਾ ਕੀਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All