ਅਸ਼ਵਨੀ ਗਰਗ
ਸਮਾਣਾ, 8 ਨਵੰਬਰ
ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਇਥੇ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਪਿਛਲੇ ਪੌਣੇ ਪੰਜ ਸਾਲ ਪੰਜਾਬ ਦੇ ਲੋਕਾਂ ਨਾਲ ਹਰ ਪੱਧਰ ਦੀ ਲੁੱਟ ਕੀਤੀ ਅਤੇ ਹਰ ਤਰ੍ਹਾਂ ਦਾ ਮਾਫ਼ੀਆ ਚਲਾਇਆ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਅੱਜ ਕਾਂਗਰਸੀ ਸੋਚਦੇ ਹਨ ਕਿ ਪੰਜਾਬ ਦੇ ਲੋਕ ਮੂਰਖ ਹਨ ਜੋ ਪਿਛਲੇ ਪੰਜ ਸਾਲਾਂ ਦੀਆਂ ਸਾਰੀਆਂ ਨਾਕਾਮੀਆਂ ‘ਅਲੀ ਬਾਬਾ’ ਸਿਰ ਪਾ ਕੇ ‘ਚਾਲੀ ਚੋਰ’ ਬਰੀ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਫੈਕਟਰੀਆਂ ਚਲਾਉਣ ਵਾਲੇ, ਰੇਤ ਮਾਫੀਆ ਚਲਾਉਣ ਵਾਲੇ ਪਿਛਲੇ ਪੰਜ ਸਾਲ ਕੈਪਟਨ ਦੀਆਂ ਚਾਪਲੂਸੀਆਂ ਕਰਕੇ ਕਰੋੜਾਂ ਰੁਪਿਆ ਕਮਾਉਂਦੇ ਰਹੇ ਤੇ ਕਦੇ ਵੀ ਜ਼ੁਬਾਨ ਨਹੀਂ ਖੋਲ੍ਹੀ, ਅੱਜ ਦੁੱਧ ਧੋਤੇ ਬਣਦੇ ਜਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਦੇ ਕਾਂਗਰਸੀ ਆਗੂ ਜੁਆਬ ਦੇ ਸਕਦੇ ਹਨ ਕਿ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਕਿਵੇਂ ਚੜ੍ਹ ਗਿਆ। ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸ ਨੇ ਕਿਸਾਨ ਅੰਦੋਲਨ ਲਈ ਕੀ ਕੀਤਾ। ਬੇਰੁਜ਼ਗਾਰਾਂ ਲਈ ਰੁਜ਼ਗਾਰ ਦੇ ਕਿੰਨੇ ਸਾਧਨ ਬਣਾਏ, ਮਹਿੰਗਾਈ ਰੋਕਣ ਲਈ ਕੀ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ਹੁਣ ਚੋਣ ਵਿਚ ਰਹਿੰਦੇ ਤਿੰਨ ਮਹੀਨੇ ਫੋਕੇ ਐਲਾਨ ਤੇ ਫੁਰਮਾਨ ਪੰਜਾਬ ਦੀ ਜਨਤਾ ਨੂੰ ਗੁਮਰਾਹ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਅਸਲ ਮਸਲਿਆਂ ਦਾ ਹੱਲ ਨਹੀਂ ਹੋਇਆ ਜਿਸ ਦਾ ਕਾਂਗਰਸ ਸਰਕਾਰ ਨੂੰ ਜੁਆਬ ਦੇਣਾ ਪਵੇਗਾ। ਹੁਣ ਫੇਰ ਕੋਆਪ੍ਰੇਟਿਵ ਸੁਸਾਇਟੀਆਂ ਨੂੰ ਖਤਮ ਕਰਨ ਲਈ ਡਾਇਰੈਕਟਰ ਖੇਤੀਬਾੜੀ ਅਤੇ ਫਾਰਮਰਜ਼ ਵੈਲਫੇਅਰ ਨੇ ਡੀਏਪੀ ਖਾਦ ਦੀ ਵੰਡ ਪਹਿਲਾਂ ਸੁਸਾਇਟੀਆਂ ਅਤੇ ਪ੍ਰਾਈਵੇਟ ਵਪਾਰੀਆਂ ਨੂੰ 80-20 ਰੇਸ਼ੋ ਨਾਲ ਹੋਣੀ ਸੀ ਹੁਣ ਪੱਤਰ ਨੰਬਰ 2467-70 ਰਾਹੀਂ 50-50 ਕਰ ਦਿੱਤਾ ਹੈ ਜੋ ਕਿ ਸਿੱਧੇ ਤੌਰ ’ਤੇ ਕਿਸਾਨਾਂ ਅਤੇ ਸਹਿਕਾਰੀ ਸੁਸਾਇਟੀਆਂ ’ਤੇ ਹਮਲਾ ਹੈ ਅਤੇ ਕਾਲਾਬਾਜ਼ਾਰੀ ਵਧਾਉਣ ਵਾਲਾ ਫ਼ਰਮਾਨ ਹੈ। ਇਸ ਮੌਕੇ ਵਿਕਾਸ ਵਰਮਾ, ਸ਼ਾਮ ਲਾਲ ਦੱਤ, ਹੇਮਰਾਜ ਚੁੱਪਕੀ, ਦੀਪਕ ਬਾਜੀਗਰ ਹੇਮਇੰਦਰ ਸਿੰਘ ਮਾਲੋਮਾਜਰਾ ਅਤੇ ਹੋਰ ਪਤਵੰਤੇ ਹਾਜ਼ਰ ਸਨ।