ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 28 ਜੂਨ
ਕੇਂਦਰ ਸਰਕਾਰ ਵੱਲੋਂ ਫ਼ੌਜ ਭਰਤੀ ਲਈ ਸ਼ੁਰੂ ਕੀਤੀ ਅਗਨੀਪਥ ਯੋਜਨਾ ਖ਼ਿਲਾਫ਼ ਅੱਜ ਕਾਂਗਰਸ ਨੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਟਾਹਲੀ ਵਾਲ਼ਾ ਚੌਕ ਵਿੱਚ ਧਰਨਾ ਦਿੱਤਾ। ਧਰਨੇ ਵਿੱਚ ਜ਼ਿਲ੍ਹਾ ਯੂਥ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਉਂਠਸਰ, ਪੈਪਸੂ ਟਾਊਨਸ਼ਿਪ ਦੇ ਵਾਈਸ ਚੇਅਰਮੈਨ ਵਿਨੈ ਨਿਰੰਕਾਰੀ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਯੂਥ ਆਗੂ ਨਿਰਭੈ ਸਿੰਘ ਮਿਲਟੀ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਨੇ ਹੱਥਾਂ ਵਿੱਚ ਵੱਖ ਵੱਖ ਨਾਅਰਿਆਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸ ਮੌਕੇ ਸਾਬਕਾ ਵਿਧਾਇਕ ਕੰਬੋਜ ਸਣੇ ਹੋਰ ਬੁਲਾਰਿਆਂ ਨੇ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨੂੰ ਭੰਡਦਿਆਂ ਕਿਹਾ ਕਿ ਦੇਸ਼ ਦਾ ਨੌਜਵਾਨ ਚਾਰ ਸਾਲਾਂ ਬਾਅਦ ਫਿਰ ਬੇਰੁਜ਼ਗਾਰ ਹੋ ਜਾਵੇਗਾ। ਨਾ ਉਸ ਨੂੰ ਪੈਨਸ਼ਨ ਮਿਲੇਗੀ, ਨਾ ਕੋਈ ਹੋਰ ਭੱਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਇਸ ਯੋਜਨਾ ਨਾਲ ਦੇਸ਼ ਤੇ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ। ਇਸ ਲਈ ਉਨ੍ਹਾਂ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਯੋਜਨਾ ਦਾ ਵਿਰੋਧ ਕੀਤਾ ਜਾਵੇ। ਇਸ ਮੌਕੇ ਚੇਅਰਮੈਨ ਸਰਬਜੀਤ ਮਾਣਕਪੁਰ, ਬਲਦੇਵ ਗੱਦੋਮਾਜਰਾ, ਜਗਨੰਦਨ ਗੁਪਤਾ, ਪਵਨ ਪਿੰਕਾ, ਯੋਗੇਸ਼ ਗੋਲਡੀ, ਗੁਰਬਾਜ਼ ਸਿੰਘ ਆਦਿ ਮੌਜੂਦ ਸਨ।