ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਫ਼ਰਵਰੀ
ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਸਮੇਤ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਲਗਾਤਾਰ ਕੀਤੇ ਰਹੇ ਜਾ ਰਹੇ ਵਾਧੇ ਦਾ ਗੰਭੀਰ ਨੋਟਿਸ ਲੈਂਦਿਆਂ, ਕਾਂਗਰਸ ਪਾਰਟੀ ਵੱਲੋਂ ਅੱਜ ਇਥੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਬਲਾਕ ਕਾਂਗਰਸ ਦੀ ਕਿਲਾ ਮੁਬਾਰਕ ਇਕਾਈ ਦੇ ਪ੍ਰਧਾਨ ਅਤੇ ਕੌਂਸਲਰ ਅਤੁਲ ਜੋਸ਼ੀ ਦੀ ਅਗਵਾਈ ਹੇਠਾਂ ਸ਼ਹਿਰ ਵਿੱਚ ਕੇਂਦਰ ਸਰਕਾਰ ਦਾ ਖੂਬ ਪਿੱਟ ਸਿਆਪਾ ਕੀਤਾ ਗਿਆ।
ਜਿਸ ਮਗਰੋਂ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਨਿਵੇਕਲੇ ਢੰਗ ਨਾਲ ਰੋਸ ਪ੍ਰਦਰਸ਼ਨ ਕਰਦਿਆਂ, ਖੱਚਰ ਰੇਹੜੇ ’ਤੇ ਸਕੂਟਰ, ਮੋਟਰਸਾਈਕਲ, ਗੈਸ ਸਿਲੰਡਰ, ਸਬਜੀਆਂ ਤੇ ਅਨਾਜ ਸਮੇਤ ਹੋਰ ਵਸਤਾਂ ਰੱਖ ਕੇ ਸ਼ਹਿਰ ਦੇ ਬਾਜਾਰਾਂ ਵਿੱਚੋਂ ਦੀ ਰੋਸ ਮਾਰਚ ਕੀਤਾ। ਗੁੜਮੰਡੀ ਚੌਕ ਤੋਂ ਆਰੰਭ ਹੋਇਆ ਇਹ ਮਾਰਚ ਬਰਤਨ ਬਾਜ਼ਾਰ, ਸਦਰ ਬਾਜ਼ਾਰ ਅਤੇ ਅਦਾਲਤ ਬਾਜ਼ਾਰ ਰਾਹੀਂ ਹੁੰਦਾ ਹੋਇਆ ਅਨਾਰਦਾਨਾ ਚੌਕ ’ਚ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਦਿੱਤੇ ਜਾ ਰਹੇ ਧਰਨੇ ਵਾਲ਼ੀ ਥਾਂ ’ਤੇ ਜਾ ਕੇ ਸੰਪੰਨ ਹੋਇਆ।
ਇਸ ਪ੍ਰਦਰਸ਼ਨ ਦੌਰਾਨ ਪੀਆਰਟੀਸੀ ਦੇ ਚੇਅਰਮੈਨ ਕੇ ਕੇ ਸ਼ਰਮਾ, ਸਮਾਜ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਪਰਸਨ ਗੁਰਸ਼ਰਨ ਕੌਰ ਰੰਧਾਵਾ, ਮੇਅਰ ਸੰਜੀਵ ਬਿੱਟੂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ, ਡਿਪਟੀ ਮੇਅਰ ਵਿੰਤੀ ਸੰਗਰ, ਸੋਨੂ ਸੰਗਰ, ਕਰਨ ਗੌੜ, ਨਰਿੰਦਰ ਸਹਿਗਲ, ਕੇ ਕੇ ਮਲਹੋਤਰਾ, ਮਹਿਲਾ ਕਾਂਗਰਸ ਦੀ ਸ਼ਹਿਰੀ ਪ੍ਰਧਾਨ ਕਿਰਨ ਢਿੱਲੋਂ, ਪਵਨ ਡਾਬੀ, ਨਿਖਿਲ ਬਾਤਿਸ਼, ਸ਼ੇਰੂ ਖਾਨ ਸਮੇਤ ਕਈ ਹੋਰਾਂ ਨੇ ਵੀ ਸ਼ਿਰਕਤ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ, ਕਾਂਗਰਸ ਆਗੂਆਂ ਨੇ ਕਿਹਾ ਕਿ ਪੈਟਰੋਲ, ਡੀਜ਼ਲ, ਰਸੋਈ ਗੈਸ, ਸਬਜੀਆਂ ਅਤੇ ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ’ਚ ਰੋੋਜ਼ਾਨਾ ਕੀਤੇ ਜਾ ਰਹੇ ਵਾਧੇ ਨੂੰ ਰੋਕਿਆ ਜਾਵੇ। ਇਸ ਨਾਲ਼ ਹਰ ਵਰਗ ਦੇ ਲੋਕਾਂ ਨੂੰ ਆਰਥਿਕ ਮਾਹਰ ਸਹਿਣੀ ਪੈ ਰਹੀ ਹੈ। ਬਲਾਕ ਪ੍ਰਧਾਨ ਅਤੁੱਲ ਜ਼ੋਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਮਹਿੰਗਾਈ ’ਤੇ ਕਾਬੂ ਪਾਉਣ ਦੀ ਵਜਾਏ ਆੀਣੇ ਚਹੇਤੇ ਕਾਰਪੋਰੇਟ ਘਰਾਣਿਆਂ ਨੂੰ ਸਿੱਧਾ ਲਾਭ ਪਹੁੰਚਾ ਰਹੀ ਹੈ। ਇਸ ਮੌਕੇ ਜਸਵਿੰਦਰ ਜੁਲਕਾ, ਰਵਿੰਦਰ ਦੁੱਗਲ ਨੀਟੂ, ਰਿੱਕੀ ਕਪੂਰ, ਰਜੀਵ ਧੀਮਾਨ, ਅਕਸ਼ੈ ਦੁੱਗਲ ਆਦਿ ਵੀ ਹਾਜ਼ਰ ਸਨ।