ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 30 ਨਵੰਬਰ
ਸਮਾਜ ਸੇਵਕ ਤੇ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਕੁਮਾਰ ਜੱਗਾ ਵੱਲੋਂ ਅੱਜ ਇੱਥੋਂ ਦੇ ਬਹਾਵਲਪੁਰੀ ਭਵਨ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਲਾਸ ਮੰਦਰ ਦੇ ਮਹੰਤ ਬਾਬਾ ਲਾਲ ਗਿਰੀ ਤੇ ਚੇਅਰਮੈਨ ਭਾਰਤੀ ਬਹਾਵਲਪੁਰ ਮਹਾਸੰਘ ਗਿਆਨ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਸ੍ਰੀ ਜੱਗਾ ਨੇ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਚੋਣ ਲੜਨ ਦਾ ਐਲਾਨ ਕੀਤਾ। ਹਾਲਾਂ ਕਿ ਉਨ੍ਹਾਂ ਇਹ ਖ਼ੁਲਾਸਾ ਨਹੀਂ ਕੀਤਾ ਕਿ ਉਹ ਚੋਣ ਕਿਸੇ ਰਾਜਸੀ ਪਾਰਟੀ ਵੱਲੋਂ ਲੜਨਗੇ ਜਾਂ ਆਜ਼ਾਦ ਪਰ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਲੋਕ ਕਾਂਗਰਸ ਤੋਂ ਚੋਣ ਲੜ ਸਕਦੇ ਹਨ। ਇਸ ਮੌਕੇ ਉਨ੍ਹਾਂ ਲੋਕਾਂ ਦੀ ਸਹੂਲਤ ਲਈ ਦੋ ਹੋਰ ਸੁਵਿਧਾ ਵੈਨਾਂ ਦੀ ਸ਼ੁਰੂਆਤ ਅਤੇ ਅੱਠ ਸੌ ਮਹਿਲਾਵਾਂ ਨੂੰ ਮਹੀਨਾਵਾਰ ਪੈਨਸ਼ਨ ਤਕਸੀਮ ਕੀਤੀ। ਇਸ ਮੌਕੇ ਸਾਬਕਾ ਸਰਪੰਚ ਗੁਰਦੀਪ ਸਿੰਘ, ਡਾ. ਨੰਦ ਲਾਲ, ਪ੍ਰਦੀਪ ਨੰਦਾ, ਸ਼ਾਂਤੀ ਸਪਰਾ, ਐਡਵੋਕੇਟ ਕੇ.ਕੇ. ਸ਼ੰਮੀ, ਰਕੇਸ਼ ਮਹਿਤਾ, ਵਿਜੈ ਮੈਨਰੋ ਹਾਜ਼ਰ ਸਨ।