ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਾਂਗਰਸ ’ਤੇ ਹਮਲਾ ਕਰਦਿਆਂ ਕਿਹਾ ਕਿ ਖੁਦ ਨੂੰ ਧਰਮ ਨਿਰਪੱਖ ਪਾਰਟੀ ਅਖਵਾਉਣ ਵਾਲੀ ਕਾਂਗਰਸ ਧਰਮ ਦੀ ਆੜ ’ਚ ਕੋਝੀ ਸਿਆਸਤ ਕਰ ਰਹੀ ਹੈ, ਜੋ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ‘ਤੇ ਆਧਾਰਿਤ ਹਿਰਦੇ ਵਲੂੰਧਰਣ ਵਾਲੀ ਕਾਰਵਾਈ ਦਾ ਵੀ ਕਾਂਗਰਸ ਸਿਆਸੀਕਰਨ ਕਰ ਰਹੀ ਹੈ, ਜਿਸ ਦੀ ਆੜ ਵਿੱਚ ਬਾਦਲ ਪਰਿਵਾਰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਅੱਜ ਬੀਬੀ ਜਗੀਰ ਕੌਰ ਨੇ ਕਿਹਾ ਕਿ ਬੇਅਦਬੀ ਮਾਮਲੇ ‘ਚ ਪਹਿਲਾਂ ਬਣੀ ‘ਸਿਟ’ ਅਤੇ ਕਮਿਸ਼ਨ ਦੀ ਜਾਂਚ ਦੌਰਾਨ ਅਜਿਹਾ ਕੁਝ ਨਹੀਂ ਨਿਕਲਿਆ, ਜਿਸ ਨਾਲ ਅਕਾਲੀ ਦਲ ਜਾਂ ਬਾਦਲ ਪਰਿਵਾਰ ਨੂੰ ਦੋਸ਼ੀ ਠਹਿਰਾਇਆ ਜਾ ਸਕੇ। ਪਰ ਕਾਂਗਰਸ ਵੱਲੋਂ ਸੰਵੇਦਨਸ਼ੀਲ ਮਾਮਲੇ ’ਤੇ ਸਿਆਸਤ ਕਰਦਿਆਂ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜੋ ਸਰਾਸਰ ਗਲਤ ਹੈ। ਉਹ ਅੱਜ ਇਥੇ ਖਾਲਸਾ ਕਾਲਜ ਵਿਖੇ ਸਿਵਲ ਸੇਵਾਵਾਂ ਦੀਆਂ ਕੰਪੀਟੀਟਿਵ ਪ੍ਰੀਖਿਆਵਾਂ ਲਈ ਕੋਚਿੰਗ ਸੈਂਟਰ ਅਤੇ ਸਪੋਰਟਸ ਕੰਪਲੈਕਸ ਦਾ ਉਦਘਾਟਨ ਕਰਨ ਆਏ ਸਨ। ਇਸ ਸੈਂਟਰ ’ਚ ਸਾਬਤ ਸੂਰਤ ਸਿੱਖ ਪ੍ਰੀਖਿਆਰਥੀਆਂ ਨੂੰ ਸਿਵਲ ਸੇਵਾਵਾਂ ਦੇ ਇਮਤਿਹਾਨਾਂ ਲਈ ਮੁਫਤ ਕੋਚਿੰਗ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂੇ ‘ਗੁਰੂ ਤੇਗ ਬਹਾਦਰ ਖਾਲਸਾ ਪਬਲਿਕ ਸਕੂਲ ਧਾਮੋਮਾਜਰਾ’ ਦਾ ਨੀਂਹ ਪੱਥਰ ਵੀ ਰੱਖਿਆ।