ਪੱਤਰ ਪ੍ਰੇਰਕ
ਪਟਿਆਲਾ, 20 ਜਨਵਰੀ
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਸਮਾਣਾ ਤੋਂ ਉਮੀਦਵਾਰ ਤੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਲੋਕਾਂ ਦੇ ਮੁੱਦਿਆਂ ਨੂੰ ਵਿਸਾਰ ਚੁੱਕੀ ਕਾਂਗਰਸ ਅੱਜ ਕਿਸ ਮੂੰਹ ਨਾਲ ਲੋਕਾਂ ਕੋਲੋਂ ਵੋਟਾਂ ਮੰਗ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਗਰੂਕ ਹਨ ਅਤੇ ਕਾਂਗਰਸ ਨੂੰ ਇਸ ਵਾਰ ਮੂੰਹ ਨਹੀਂ ਲਗਾਉਣਗੇ। ਸ੍ਰੀ ਰੱਖੜਾ ਅੱਜ ਅਕਾਲੀ-ਬਸਪਾ ਵਰਕਰਾਂ ਦੀ ਇੱਥੋਂ ਨਜ਼ਦੀਕ ਪਿੰਡ ਦੁਘਾਟ ਵਿੱਚ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝ ਆ ਚੁੱਕੀ ਹੈ ਕਿ ਕਾਂਗਰਸ ਨੂੰ ਪੰਜਾਬ ਅੰਦਰੋਂ ਚੱਲਦਾ ਕਰਨ ਲਈ ਅਕਾਲੀ ਦਲ-ਬਸਪਾ ਦਾ ਸੱਤਾ ’ਚ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਾਂਗਰਸ ਨੇ ਆਪਣੇ ਰਾਜ ਦੌਰਾਨ ਲੋਕਾਂ ਨੂੰ ਲੁੱਟ ਕੇ ਆਪਣੀਆਂ ਤਜੌਰੀਆਂ ਭਰੀਆਂ ਹਨ, ਜਿਸ ਦਾ ਸਬੂਤ ਅੱਜ ਸਾਰਿਆਂ ਸਾਹਮਣੇ ਹੈ। ਚੰਨੀ ਦੇ ਰਿਸ਼ਤੇਦਾਰ ਕੋਲੋਂ 10 ਕਰੋੜ ਦੀ ਰਾਸ਼ੀ ਮਿਲਣਾ ਇਸ ਗੱਲ ਦੀ ਗਵਾਹੀ ਭਰਦਾ ਹੈ।