ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਫਰਵਰੀ
ਨਗਰ ਕੌਂਸਲ ਚੋਣਾ ਸਬੰਧੀ 14 ਫਰਵਰੀ ਨੂੰ ਪੈਣ ਵਾਲ਼ੀਆਂ ਵੋਟਾਂ ਲਈ ਚੋਣ ਪ੍ਰਚਾਰ ਸਮਾਪਤ ਹੋ ਗਿਆ। ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਰਾਜਪੁਰਾ, ਸਮਾਣਾ, ਨਾਭਾ ਅਤੇ ਪਾਤੜਾਂ ਵਿੱਚ ਚੋਣ ਹੋਣੀ ਹੈ ਤੇ ਕਾਂਗਰਸ ਦੀ ਚੋਣ ਮੁਹਿੰਮ ਵਿੱਚ ਸਭ ਤੋਂ ਵੱਧ ਨਿਖਾਰ ਹੈ। ਇਸ ਦਾ ਇਕ ਪਹਿਲੂ ਤਾਂ ਇਸ ਦੇ ਸੱਤਾਂ ’ਚ ਹੋਣਾ ਹੀ ਮੰਨਿਆ ਜਾ ਸਕਦਾ ਹੈ। ‘ਰਵਾਇਤ’ ਤਹਿਤ ਸਰਕਾਰ ਪੱਖੀ ਉਮੀਦਵਾਰਾਂ ਨੂੰ ਕਈ ਪੱਖਾਂ ਤੋਂ ਫਾਇਦਾ ਹੋ ਜਾਣਾ ਹੈ। ਵੱਧ ਸਾਧਨ, ਲੋਕਾਂ ਵੱਲੋਂ ਖੁੱਲ੍ਹ ਕੇ ਵਿਰੋਧ ਨਾ ਕਰ ਸਕਣ ਸਮੇਤ ਕੁਝ ਹੋਰ ਪਹਿਲੂ ਵੀ ਸ਼ਾਮਲ ਹੁੰਦੇ ਹਨ। ਕਈ ਵੋਟਰ ਇਹ ਸੋਚ ਕੇ ਵੀ ਸੱਤਾਧਾਰੀ ਧਿਰ ਵੱਲ ਝੁਕ ਜਾਂਦੇ ਹਨ ਕਿ ਗੰਧਲੀ ਹੋ ਚੁੱਕੀ ਰਾਜਨੀਤੀ ਦੌਰਾਨ ਹਾਰਨ ਵਾਲ਼ੇ ਸਰਕਾਰ ਪੱਖੀ ਉਮੀਦਵਾਰ ਵੱਲੋਂ ਬਾਅਦ ’ਚ ਸਾਰਾ ਜ਼ੋਰ ਵਿਕਾਸ ਕਾਰਜ ਰੁਕਵਾਉਣ ’ਤੇ ਹੀ ਲਾ ਦਿੱਤਾ ਜਾਵੇਗਾ। ਇਸ ਤਰ੍ਹਾਂ ਕਈ ਵਾਰ ਸੱਤਾਧਾਰੀ ਧਿਰ ਦੇ ਕਮਜ਼ੋਰ ਉਮੀਦਵਾਰ ਇਨ੍ਹਾਂ ਵੱਖ ਵੱਖ ਪੱਖਾਂ/ਪਹਿਲੂਆਂ ਦੇ ਮੱਦੇਨਜ਼ਰ ਬਾਜੀ ਮਾਰ ਜਾਂਦੇ ਹਨ। ਸਾਂਝ ਟੁੱਟਣ ਮਗਰੋਂ ਅਕਾਲੀ ਦਲ ਤੇ ਭਾਜਪਾ ਵੱਖੋ ਵੱਖਰੇ ਤੌਰ ’ਤੇ ਚੋਣਾ ਲੜ ਰਹੇ ਹਨ, ਉਥੇ ਹੀ ਇਨ੍ਹਾਂ ਦੋਵਾਂ ਦੀ ਚੋਣ ਮੁਹਿੰਮ ’ਤੇ ਖੇਤੀ ਕਾਨੂੰਨਾਂ ਦੇ ਵਿਵਾਦ ਦਾ ਪ੍ਰਛਾਵਾਂ ਵੀ ਹੈ। ਜਿਸ ਕਰਕੇ ਦੋਵਾਂ ਧਿਰਾਂ ਦੇ ਕਈ ਸੀਟਿੰਗ ਕੌਂਸਲਰ ਵੀ ਚੋਣ ਤੋਂ ਟਾਲ਼ਾ ਵੱਟ ਗਏ। ਕਈ ਵਾਰਡਾਂ ’ਚ ਤਾਂ ਇਨ੍ਹਾਂ ਦੋਵਾਂ ਧਿਰਾਂ ਦੇ ਉਮੀਦਵਾਰ ਹੀ ਨਹੀਂ ਹਨ ਤੇ ਕਈ ਥਾਂਈਂ ਖਾਨਾਪੂਰਤੀ ਕੀਤੀ ਹੈ। ਖਾਸ ਕਰਕੇ ਭਾਜਪਾ ਦੀ ਚੋਣ ਮੁਹਿੰਮ ਤਾਂ ਬੁਰੀ ਤਰ੍ਹਾਂ ਲੜਖੜਾਈ ਰਹੀ। ਭਾਜਪਾ ਦੀ ਅਧੀਨਗੀ ਵਾਲ਼ੇ ਮੰਨੇ ਜਾਂਦੇ ਰਾਜਪੁਰਾ ’ਚ ਤਾਂ ਕਿਸਾਨਾ ਨੇ ਭਾਜਪਾ ਉਮੀਦਵਾਰਾਂ ਦੇ ਦਫ਼ਤਰ ਤੱਕ ਵੀ ਬੰਦ ਕਰਵਾ ਦਿੱਤੇ ਸਨ। ਕਈ ਹੋਰ ਥਾਈਂ ਵੀ ਭਾਜਪਾ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ। ਭਾਵੇਂ ਭਾਜਪਾ ਨੇਤਾ ਚੰਗੇ ਨਤੀਜਿਆਂ ਲਈ ਆਸਵੰਦ ਹਨ, ਪਰ ਰਾਜਸੀ ਮਾਹਰਾਂ ਦਾ ਤਰਕ ਹੈ ਕਿ ਭਾਜਪਾ ਲਈ ਤਾਂ ਖਾਤਾ ਖੋਲ੍ਹ ਲੈਣਾ ਹੀ ਪ੍ਰਾਪਤੀ ਵਾਲ਼ੀ ਗੱਲ ਹੋਵੇਗੀ। ਉਂਜ ਪਾਤੜਾਂ ’ਚ ਇੱਕ ਭਾਜਪਾ ਉਮੀਦਵਾਰ ਦਾ ਕਮਲ ਦਾ ਫੁੱਲ ਖਿੜਦਾ ਨਜ਼ਰ ਆ ਰਿਹਾ ਹੈ। ‘ਆਪ’ ਨੂੰ ਭਾਵੇਂ ਅਜਿਹੇ ਲੋਕ ਰੋਹ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ, ਪਰ ਇਸ ਲੜਾਈ ’ਚ ‘ਆਪ’ ਨੂੰ ਵੀ ਸੱਤਾਧਾਰੀ ਧਿਰ ਦੇ ਮੇਚ ਦੀ ਨਹੀਂ ਮੰਨਿਆ ਜਾ ਰਿਹਾ। ਸਮਾਣਾ ’ਚ ਅਕਾਲੀਆਂ ਦੀ ਚੋਣ ਮੁਹਿੰਮ ਹੋਰ ਸ਼ਹਿਰਾਂ ਦੇ ਮੁਕਾਬਲੇ ਚੰਗੇਰੀ ਮੰਨੀ ਜਾ ਰਹੀ ਹੈ। ਸਭ ਥਾਈਂ ਚੋਣ ਰੈਲੀਆਂ ਕਰਨ ਵਾਲ਼ੀ ਲੋਕ ਸਭਾ ਮੈਬਰ ਪ੍ਰਨੀਤ ਕੌਰ ਨੇ ਰਾਜਸੀ ਤਜਰਬੇ ਦੇ ਹਵਾਲੇ ਨਾਲ਼ ਚਾਰੇ ਕੌਂਸਲਾਂ ’ਚ ਕਾਂਗਰਸ ਨੂੰ ਭਾਰੀ ਬਹੁਮਤ ਹਾਸਲ ਹੋਣ ਦਾ ਦਾਅਵਾ ਕੀਤਾ ਹੈ। ਪ੍ਰੇਮ ਸਿੰਘ ਚੰਦੂਮਜਰਾ, ਸਾਬਕਾ ਅਕਾਲੀ ਮੰਤਰੀ ਸੁਰਜੀਤ ਰੱਖੜਾ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਗੜ੍ਹੀ, ਸਾਬਕਾ ਵਿਧਾਇਕਾ ਵਨਿੰਦਰ ਕੌਰ ਲੂੰਬਾ, ਕਬੀਰ ਦਾਸ ਤੇ ਹਰਵਿੰਦਰ ਹਰਪਾਲਪੁਰ ਸਭ ਥਾਂ ਤੱਕੜੀ ਨੂੰ ਤਕੜੀ ਦੱਸ ਰਹੇ ਹਨ। ਦੇਵ ਮਾਨ, ਨੀਨਾ ਮਿੱਤਲ, ਮੇਘ ਰਾਜ ਸ਼ੇਰਮਾਜਰਾ ਨੇ ਆਪ ਦੀ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿੱਕੀ ਘਨੌਰ ਨੇ ਭਾਜਪਾ ਦੀ ਅੱਛੀ ਸਥਿਤੀ ਦੀ ਗੱਲ ਆਖੀ ਹੈ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਵਿਧਾਇਕਾਂ ਹਰਦਿਆਲ ਕੰਬੋਜ, ਮਦਨ ਜਲਾਲਪੁਰ ਰਾਜਿੰਦਰ ਸਿੰਘ ਤੇ ਨਿਰਮਲ ਸ਼[ਤਰਾਣਾ ਨੇ ਚਾਰੇ ਕੌਂਸਲਾਂ ’ਤੇ ਕਾਂਗਰਸ ਨੂੰ ਬਹੁਮਤ ਯਕੀਨੀ ਦੱਸਿਆ ਹੈ।