ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ , 26 ਸਤੰਬਰ
ਇੱਥੇ ਵਿਕਾਸ ਕਾਰਜਾਂ ਨੂੰ ਲੈ ਕੇ ਕਾਂਗਰਸ ਪਾਰਟੀ ਅਤੇ ‘ਆਪ’ ਦੇ ਵਰਕਰ ਆਹਮੋ ਸਾਹਮਣੇ ਹੋ ਗਏ। ਦੋਵੇਂ ਪਾਰਟੀਆਂ ਦੇ ਵਰਕਰਾਂ ਵੱਲੋਂ ਇਕ ਦੂਜੇ ਉਪਰ ਕੰਮ ਨਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਬਰਸਾਤਾਂ ਦੇ ਦਿਨਾਂ ਵਿਚ ਗਲ਼ੀਆਂ ਨਾਲੀਆਂ ਵਿਚ ਪਾਣੀ ਭਰਨ ਕਾਰਨ ਹੋਈ ਦੋਵੇਂ ਇੱਕ ਦੂਜੇ ’ਤੇ ਦੋਸ਼ ਮੜ ਰਹੇ ਹਨ। ‘ਆਪ’ ਦੀ ਵਿਧਾਇਕਾ ਨੀਨਾ ਮਿੱਤਲ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਇਨ੍ਹਾਂ ਮੁੱਦਿਆਂ ਉਪਰ ਚੁੱਪੀ ਧਾਰੀ ਹੋਈ ਹੈ। ਜ਼ਿਕਰਯੋਗ ਹੈ ਕਿ ਵਾਰਡ ਨੰਬਰ 15 ਅਤੇ 16 ਵਿਚ ਸੀਵਰੇਜ ਪਾਉਣ ਲਈ ਪਿਛਲੇ ਲਗਭਗ 8 ਮਹੀਨਿਆਂ ਤੋਂ ਸੜਕਾਂ ਪੁੱਟੀਆਂ ਪਈਆਂ ਹਨ, ਸੜਕਾਂ ਵਿਚ ਟੋਏ ਪਏ ਹੋਏ ਹਨ, ਜਿੱਥੋਂ ਰਾਹਗੀਰਾਂ ਦੇ ਆਮ ਦਿਨਾਂ ਵਿਚ ਵੀ ਲੰਘਣਾ ਔਖਾ ਹੋਇਆ ਪਿਆ ਹੈ। ਹੁਣ ਹੋਈ ਬਰਸਾਤ ਕਾਰਨ ਇਨ੍ਹਾਂ ਸੜਕਾਂ ਨੇ ਛੱਪੜਾਂ ਦਾ ਰੂਪ ਧਾਰ ਲਿਆ। ਵਾਰਡ ਦੇ ਕੌਂਸਲਰ ਜਗਨੰਦਨ ਗੁਪਤਾ ਨੇ ਵਾਰਡ ਵਾਸੀਆਂ ਜਿਨ੍ਹਾਂ ਵਿਚ ਹੰਸ ਰਾਜ, ਜਗਦੀਸ਼ ਜੱਗੀ, ਕੌਂਸਲਰ ਰੀਟਾ ਰਾਣੀ, ਤਰਲੋਚਨ ਸਿੰਘ, ਰਾਕੇਸ਼ ਗੋਇਲ, ਮਨਜੀਤ ਕੌਰ, ਰਾਕੇਸ਼ ਧੀਮਾਨ ਤੋਂ ਇਲਾਵਾ ਹੋਰ ਵਾਰਡ ਵਾਸੀ ਮੌਜੂਦ ਸਨ, ਨੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਲਗਾ ਦਿੱਤਾ। ਇਸ ਧਰਨੇ ਦਾ ਜਵਾਬ ਦੇਣ ਲਈ ਬੀਤੇ ਕੱਲ੍ਹ ਆਮ ਆਦਮੀ ਪਾਰਟੀ ਦੇ ਬੁਲਾਰੇ ਐਡਵੋਕੇਟ ਤੇ ਕੌਂਸਲਰ ਰਵਿੰਦਰ ਸਿੰਘ, ਕੌਂਸਲਰ ਜੈ ਕ੍ਰਿਸ਼ਨ ਅਗਰਵਾਲ, ਕੌਂਸਲਰ ਬਿਕਰਮ ਸਿੰਘ ਕੰਡੇਵਾਲ਼ਾ, ਸੋਨੂੰ ਕਕੜ, ਪ੍ਰਵੀਨ ਛਾਬੜਾ, ਰਾਕੇਸ਼ ਮਹਿਤਾ ਨੇ ਇਕ ਨਿੱਜੀ ਹੋਟਲ ਵਿਚ ਪ੍ਰੈੱਸ ਕਾਨਫਰੰਸ ਕਰ ਕੇ ਇਸ ਕੰਮ ਵਿਚ ਹੋਈ ਦੇਰੀ ਦਾ ਜ਼ਿੰਮੇਵਾਰ ਕਾਂਗਰਸ ਪਾਰਟੀ ਨੂੰ ਠਹਿਰਾਇਆ। ਅੱਜ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਸ਼ਹਿਰੀ ਤੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਕੁਮਾਰ ਸ਼ਾਸ਼ਤਰੀ, ਕੌਂਸਲਰ ਅਮਨਦੀਪ ਸਿੰਘ ਨਾਗੀ, ਕੌਂਸਲਰ ਗੱਪੂ ਬਾਂਸਲ, ਡਿੰਪੀ ਰਾਣਾ, ਬਲਦੇਵ ਸਿੰਘ ਗੱਦੋਮਾਜਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਆਪ ਆਗੂਆਂ ਵੱਲੋਂ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਕੀਤੀ ਅਤੇ ਦੋਸ਼ ਲਗਾਏ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿਚ ਆਈ ਹੈ ਉਦੋਂ ਤੋਂ ਹੀ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕਰਵਾਏ ਵਿਕਾਸ ਕਾਰਜਾਂ ਉਪਰ ਰਾਜਸੀ ਕਿੜ ਕਾਰਨ ਰੋਕ ਲਗਾ ਦਿੱਤੀ ਹੈ। ਇਸ ਸਬੰਧੀ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।