ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 14 ਫਰਵਰੀ
ਇੱਥੋਂ ਦੀ ਨਗਰ ਕੌਂਸਲ ਦੇ 31 ਵਾਰਡਾਂ ਦੀਆਂ ਹੋਈਆਂ ਚੋਣਾਂ ਦੌਰਾਨ ਕਰੀਬ 65 ਫੀਸਦੀ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਇਨ੍ਹਾਂ ਚੋਣਾਂ ਦੌਰਾਨ ਸੱਤਾਧਾਰੀ ਧਿਰ ਕਾਂਗਰਸ ਦੇ ਵਰਕਰਾਂ ਵੱਲੋਂ ਕੁਝ ਵਾਰਡਾਂ ਵਿੱਚ ਪੋਲਿੰਗ ਬੂਥਾਂ ’ਤੇ ਕਥਿਤ ਤੌਰ ’ਤੇ ਕਬਜ਼ੇ ਕੀਤੇ ਗਏ। ਮੁੱਖ ਤੌਰ ’ਤੇ ਵਾਰਡ ਨੰਬਰ 23 ਤੋਂ ਭਾਜਪਾ ਉਮੀਦਵਾਰ ਦਿਪਤੀ ਛਾਬੜਾ ਅਤੇ ਵਾਰਡ ਨੰਬਰ 2 ਤੋਂ ਅਕਾਲੀ ਉਮੀਦਵਾਰ ਕਪਤਾਨ ਸਿੰਘ ਦੇ ਪੋਲਿੰਗ ਬੂਥਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੁਝ ਹੋਰਨਾਂ ਪੋਲਿੰਗ ਬੂਥਾਂ ’ਤੇ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਵਾਰਡ ਨੰਬਰ 23 ਦੇ ਪੋਲਿੰਗ ਬੂਥ ਵਿੱਚ ਕਬਜ਼ਾ ਕਰਨ ਲਈ ਵੜੇ ਅਣਪਛਾਤੇ ਵਿਅਕਤੀਆਂ ਨੂੰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਬਾਹਰ ਕੱਢਿਆ। ਇਹ ਅਣਪਛਾਤੇ ਵਿਅਕਤੀ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ।
ਇਸ ਵਾਰਡ ਤੋਂ ਭਾਜਪਾ ਉਮੀਦਵਾਰ ਦਿਪਤੀ ਦੇ ਪਤੀ ਪ੍ਰਵੀਨ ਛਾਬੜਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਵਿੱਕੀ ਘਨੌਰ ਨੇ ਦੋਸ਼ ਲਗਾਇਆ ਕਿ ਕਾਂਗਰਸ ਉਮੀਦਵਾਰ ਨੇ ਆਪਣੀ ਹਾਰ ਨੂੰ ਭਾਂਪਦਿਆਂ ਬਾਹਰੋਂ ਕੁਝ ਬੰਦਿਆਂ ਨੂੰ ਬੁਲਾ ਕੇ ਪੋਲਿੰਗ ਬੂਥ ’ਤੇ ਕਬਜ਼ਾ ਕਰਕੇ ਜਾਅਲੀ ਵੋਟਾਂ ਪੁਆਈਆਂ। ਛਾਬੜਾ ਨੇ ਰਾਜ ਦੇ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਪਾਸੋਂ ਉਹਨਾਂ ਦੇ ਵਾਰਡ ਦੀ ਚੋਣ ਰੱਦ ਕਰਕੇ ਮੁੜ ਤੋਂ ਨਿਰਪੱਖ ਚੋਣ ਕਰਵਾਉਣ ਦੀ ਮੰਗ ਕੀਤੀ।
ਦੂਜੇ ਪਾਸੇ ਇੱਥੋਂ ਦੇ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ’ਤੇ ਧੱਕੇਸ਼ਾਹੀ ਅਤੇ ਬੂਥਾਂ ’ਤੇ ਕਬਜ਼ੇ ਕਰਨ ਦੇ ਦੋਸ਼ ਲਗਾਉਂਦਿਆਂ ਆਖਿਆ ਕਿ ਵਾਰਡ ਨੰਬਰ 2 ਤੋਂ ਅਕਾਲੀ ਉਮੀਦਵਾਰ ਕਪਤਾਨ ਸਿੰਘ ਦੀ ਕਾਂਗਰਸ ਵਰਕਰਾਂ ਵੱਲੋਂ ਕੁੱਟਮਾਰ ਕਰਕੇ ਪੱਗ ਉਤਾਰ ਦਿੱਤੀ ਗਈ ਅਤੇ ਪੋਲਿੰਗ ਏਜੰਟ ਦੀ ਵੀ ਕੁੱਟਮਾਰ ਕੀਤੀ ਗਈ। ਅਜਿਹਾ ਹੀ ਕਾਂਗਰਸੀਆਂ ਵੱਲੋਂ ਕੁਝ ਹੋਰਨਾਂ ਵਾਰਡਾਂ ਵਿੱਚ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਆਗੂਆਂ ਗੁਰਪ੍ਰੀਤ ਸਿੰਘ ਧਮੌਲੀ ਅਤੇ ਬੰਤ ਸਿੰਘ ਹਾਸ਼ਮਪੁਰ ਸਮੇਤ ਹੋਰਨਾਂ ਨੇ ਉਨ੍ਹਾਂ ਸਾਰੇ ਵਾਰਡਾਂ ਵਿੱਚ ਚੋਣਾਂ ਰੱਦ ਕਰਕੇ ਮੁੜ ਤੋਂ ਨਿਰਪੱਖ ਚੋਣ ਕਰਵਾਉਣ ਦੀ ਮੰਗ ਕੀਤੀ। ਇਨ੍ਹਾਂ ਵਾਰਡਾਂ ਵਿੱਚ ਸੱਤਾਧਾਰੀ ਧਿਰ ਵੱਲੋਂ ਬੂਥਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਗਏ।
ਵਿਧਾਇਕ ਕੰਬੋਜ ਨੇ ਕਬਜ਼ੇ ਦੇ ਦੋਸ਼ ਨਕਾਰੇ
ਵਿਰੋਧੀ ਧਿਰਾਂ ਵੱਲੋਂ ਸੱਤਾਧਾਰੀ ਧਿਰ ਕਾਂਗਰਸ ’ਤੇ ਨਗਰ ਕੌਂਸਲ ਚੋਣਾਂ ਦੌਰਾਨ ਪੋਲਿੰਗ ਬੂਥਾਂ ’ਤੇ ਕਬਜ਼ੇ ਕਰਕੇ ਜਾਅਲੀ ਵੋਟਾਂ ਭੁਗਤਾਉਣ ਦੇ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਬੁਖਲਾਹਟ ਵਿੱਚ ਆ ਕੇ ਵਿਰੋਧੀ ਧਿਰਾਂ ਕਾਂਗਰਸ ’ਤੇ ਧੱਕੇਸ਼ਾਹੀ ਅਤੇ ਜਾਅਲੀ ਵੋਟਾਂ ਪੁਆਉਣ ਦੇ ਬੇਬੁਨਿਆਦ ਦੋਸ਼ ਲਗਾ ਰਹੀਆ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਵਾਰਡ ਨੰਬਰ 23 ਵਿੱਚ ਭਾਜਪਾ ਉਮੀਦਵਾਰ ਖ਼ਿਲਾਫ਼ ਕਿਸਾਨਾਂ ਵੱਲੋਂ ਗੁੱਸੇ ਦਾ ਪ੍ਰਗਟਾਵਾ ਕੀਤਾ ਗਿਆ। ਇਨ੍ਹਾਂ ਕਿਸਾਨਾਂ ਨੂੰ ਪੁਲੀਸ ਨੇ ਪੋਲਿੰਗ ਬੂਥ ਤੋਂ ਬਾਹਰ ਖਦੇੜ ਦਿੱਤਾ।
ਵਾਰਡ ਨੰਬਰ 4 ਵਿੱਚ ਉਮੀਦਵਾਰਾਂ ਦਰਮਿਆਨ ਹੱਥੋਪਾਈ
ਨਾਭਾ (ਜੈਸਮੀਨ ਭਾਰਦਵਾਜ): ਨਾਭਾ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 4 ਤੋਂ ਇਲਾਵਾ ਵੋਟਾਂ ਸ਼ਾਂਤੀਪੂਰਵਕ ਪਈਆਂ। ਐੱਸਡੀਐੱਮ ਕਾਲਾ ਰਾਮ ਕਾਂਸਲ ਅਨੁਸਾਰ 70 ਪ੍ਰਤੀਸ਼ਤ ਲੋਕਾਂ ਨੇ ਵੋਟਾਂ ਪਾਈਆਂ। ਵਾਰਡ ਨੰਬਰ 4 ਵਿੱਚ ਉਮੀਦਵਾਰਾਂ ਦਰਮਿਆਨ ਹੱਥੋਪਾਈ ਹੋਣ ਕਾਰਨ ਲਗਭਗ ਅੱਧਾ ਘੰਟਾ ਵੋਟਿੰਗ ਰੋਕਣੀ ਪਈ। ਆਜ਼ਾਦ ਉਮੀਦਵਾਰ ਗੌਤਮ ਬਾਤਿਸ਼ ਮੁਤਾਬਕ ਕਾਂਗਰਸੀ ਉਮੀਦਵਾਰ ਸੁਰਿੰਦਰ ਸਿੰਘ ਵੱਲੋ ਲਗਭਗ ਸਵਾ ਤਿੰਨ ਵਜੇ ਬੂਥ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਕਈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਸ਼ਵਨੀ ਚੋਪੜਾ ਨੇ ਕਾਂਗਰਸ ਉੱਪਰ ਧੱਕੇਸ਼ਾਹੀ ਦੇ ਦੋਸ਼ ਲਗਾਏ। ਹਾਲਾਂਕਿ ਕਿਸੇ ਨੂੰ ਗੰਭੀਰ ਸੱਟਾਂ ਨਹੀਂ ਆਈਆਂ। ਐੱਸਡੀਐੱਮ ਨੇ ਬੂਥ ਕਬਜ਼ੇ ਦੀ ਕੋਸ਼ਿਸ਼ ਕੀਤੇ ਜਾਣ ਤੋਂ ਇਨਕਾਰ ਕਰਦਿਆਂ ਇਸਨੂੰ ਮਾਮੂਲੀ ਤਕਰਾਰਬਾਜ਼ੀ ਦੱਸਿਆ। ਉਨ੍ਹਾਂ ਕਿਹਾ ਕਿ ਇਹ ਤਕਰਾਰਬਾਜ਼ੀ ਵੀ ਬੂਥ ਤੋਂ ਬਾਹਰ ਹੋਈ ਹੈ।
ਕਾਂਗਰਸੀ ਵਿਧਾਇਕ ਨੂੰ ਬੰਦੀ ਬਣਾਇਆ
ਅਸ਼ਵਨੀ ਗਰਗ
ਸਮਾਣਾ,14 ਫਰਵਰੀ
ਸਮਾਣਾ ’ਚ ਅੱਜ ਚੋਣਾਂ ਦੌਰਾਨ ਕੁਝ ਬੂਥਾਂ ਨੂੰ ਛੱਡ ਕੇ ਜ਼ਿਆਦਾਤਰ ਵਾਰਡਾਂ ਵਿੱਚ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਨੇ ਕਾਂਗਰਸ ’ਤੇ ਬੂਥਾਂ ’ਤੇ ਕਬਜ਼ੇ ਕਰਨ, ਜਾਅਲੀ ਵੋਟਾਂ ਪਾਉਣ ਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ। ਸ਼ਹਿਰ ਦੇ ਵਾਰਡ ਨੰਬਰ 18 ਵਿੱਚ ਵਿਧਾਇਕ ਰਜਿੰਦਰ ਸਿੰਘ ਦੇ ਪਹੁੰਚਣ ’ਤੇ ਅਕਾਲੀਆਂ ਨੇ ਉਨ੍ਹਾਂ ’ਤੇ ਬੂਥ ਉੱਤੇ ਕਬਜ਼ਾ ਕਰਕੇ ਜਾਅਲੀ ਵੋਟਾਂ ਪਵਾਉਣ ਦਾ ਦੋਸ਼ ਲਗਾਉਂਦਿਆਂ ਜਿੱਥੇ ਉਨ੍ਹਾਂ ਦੀ ਗੱਡੀ ਦੀ ਹਵਾ ਕੱਢ ਕੇ ਗੱਡੀ ਦੀ ਚਾਬੀ ਕੱਢ ਲਈ ਤੇ ਵਿਧਾਇਕ ਨੂੰ ਪੋਲਿਗ ਬੂਥ ਵਿੱਚ ਹੀ ਬੰਦ ਕਰ ਦਿੱਤਾ। ਇਨ੍ਹਾਂ ਨੂੰ ਕਾਫ਼ੀ ਸਮੇਂ ਬਾਅਦ ਪੁਲੀਸ ਨੇ ਬਾਹਰ ਕੱਢਿਆ। ਵਿਧਾਇਕ ਰਾਜਿੰਦਰ ਸਿੰਘ ਨੇ ਅਕਾਲੀਆਂ ਤੇ ਉਨ੍ਹਾਂ ਦੀ ਕਾਰ ਦੀ ਭੰਨ ਤੋੜ ਦੇ ਦੋਸ਼ ਲਗਾਏ।
ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਾਂਗਰਸੀ ਵਿਧਾਇਕ ’ਤੇ ਗੁੰਡਾਗਰਦੀ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸੀਆਂ ਨੇ ਵਿਕਾਸ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਗੁੰਡਾਗਰਦੀ ਤੇ ਬੂਥਾਂ ’ਤੇ ਕਬਜ਼ੇ ਕਰਕੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੀ ਲੋੜ ਨਾ ਪੈਂਦੀ। ਆਮ ਆਦਮੀ ਪਾਰਟੀ ਦੇ ਆਗੂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਵਿਧਾਇਕ ਰਾਜਿੰਦਰ ਸਿੰਘ ਨੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਦਿੱਤੀਆਂ ਤੇ ਬੂਥਾਂ ’ਤੇ ਆਪ ਬੈਠ ਕੇ ਪੁਲੀਸ ਪ੍ਰਸ਼ਾਸ਼ਨ ਦੀ ਸਹਾਇਤਾਂ ਨਾਲ ਕਬਜ਼ੇ ਕੀਤੇ ਤੇ ਦੂਜੇ ਉਮੀਦਵਾਰਾਂ ਨਾਲ ਮਾਰਕੁੱਟ ਕਰਕੇ ਉਨ੍ਹਾਂ ਨੂੰ ਬਾਹਰ ਕੱਢਿਆ। ਸ਼ਹਿਰ ਦੇ ਵਾਰਡ ਨੰਬਰ 11 ਵਿੱਚ ਮਸ਼ੀਨਾਂ ਵੀ ਤੋੜ ਦਿੱਤੀਆਂ ਗਈਆਂ। ਸ਼ਹਿਰ ਦੇ ਭਵਾਨੀਗੜ੍ਹ ਰੋਡ, ਪਾਤੜਾਂ ਰੋਡ ਤੇ ਹੋਰ ਥਾਵਾਂ ’ ਤੇ ਅਕਾਲੀਆਂ, ਆਮ ਆਦਮੀ ਪਾਰਟੀ ਤੇ ਆਜ਼ਾਦ ਉਮੀਦਵਾਰਾਂ ਨੇ ਧਰਨੇ ਪ੍ਰਦਰਸ਼ਨ ਕੀਤੇ ਤੇ ਸਰਕਾਰ, ਵਿਧਾਇਕ ਤੇ ਪੁਲੀਸ ਪ੍ਰਸ਼ਾਸ਼ਨ ’ਤੇ ਸ਼ਰੇਆਮ ਧੱਕੇਸ਼ਾਹੀ,ਗੁੰਡਾਗਰਦੀ ਦੇ ਦੋਸ਼ ਲਗਾਏ।
ਆਜ਼ਾਦ ਉਮੀਦਵਾਰ ਦੇ ਸਮਰਥਕਾਂ ਵੱਲੋਂ ਪਾਤੜਾਂ-ਪਟਿਆਲਾ ਰੋਡ ’ਤੇ ਜਾਮ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਦੌਰਾਨ ਵਾਰਡ ਇੱਕ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿੱਤਰੇ ਸਾਬਕਾ ਕੌਂਸਲਰ ਬਲਜਿੰਦਰ ਕੌਰ ਦੇ ਸਮਰਥਕਾਂ ਨੇ ਕਾਂਗਰਸੀ ਉਮੀਦਵਾਰ ਉੱਤੇ ਪੋਲਿੰਗ ਬੂਥ ’ਤੇ ਕਬਜ਼ਾ ਕਰਨ ਦੇ ਦੋਸ਼ ਲਗਾਉਂਦਿਆਂ ਪਾਤੜਾਂ-ਪਟਿਆਲਾ ਮੁੱਖ ਮਾਰਗ ਉੱਤੇ ਸੰਗਰੂਰ ਰੋਡ ਕੈਂਚੀਆਂ ਵਿੱਚ ਧਰਨਾ ਲਗਾ ਕੇ ਟਰੈਫਿਕ ਜਾਮ ਕੀਤੀ। ਇਸ ਦੌਰਾਨ ਇਕੱਠੇ ਹੋਏ ਲੋਕਾਂ ਨੇ ਚੋਣ ਦੌਰਾਨ ਕਾਂਗਰਸ ਪਾਰਟੀ ਵੱਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਚੋਣ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਕਾਂਗਰਸ ਦੇ ਉਮੀਦਵਾਰ ਪਰਿਵਾਰ ਨੇ ਦੋਸ਼ਾਂ ਦਾ ਖੰਡਨ ਕੀਤਾ ਹੈ । ਧਰਨੇ ਉੱਤੇ ਬੈਠੇ ਆਜ਼ਾਦ ਉਮੀਦਵਾਰ ਬਲਜਿੰਦਰ ਕੌਰ, ਉਸਦੇ ਪਤੀ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਬਲਜੀਤ ਸਿੰਘ , ਜਸਪ੍ਰੀਤ ਸਿੰਘ, ਸਾਬਕਾ ਕੌਂਸਲਰ ਤਰਸੇਮ ਸਿੰਘ ਅਤੇ ਸਾਬਕਾ ਸਰਪੰਚ ਸ਼ੁਤਰਾਣਾ ਭਗਵੰਤ ਸਿੰਘ ਨੇ ਦੋਸ਼ ਲਗਾਇਆ ਕਿ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਵੱਲੋਂ ਸਵੇਰ ਤੋਂ ਹੀ ਜਾਅਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਦੁਪਹਿਰ ਦੋ ਵਜੇ ਦੇ ਕਰੀਬ ਕੁਝ ਵਿਅਕਤੀਆਂ ਨੇ ਪੋਲਿੰਗ ਬੂਥ ਉੱਤੇ ਕਬਜ਼ਾ ਕਰਕੇ ਜਾਅਲੀ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਇਸ ਦਾ ਵਿਰੋਧ ਕਰਨ ’ਤੇ ਪੁਲੀਸ ਪ੍ਰਸ਼ਾਸਨ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਇੱਥੇ ਭਜਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਦੀ ਕਠਪੁਤਲੀ ਬਣ ਕੇ ਕੰਮ ਕੀਤਾ। ਦੂਜੇ ਪਾਸੇ ਕਾਂਗਰਸੀ ਉਮੀਦਵਾਰ ਸੁਪਨਦੀਪ ਕੌਰ ਕਾਹਲੋਂ ਦੇ ਸਹੁਰਾ ਅਤੇ ਮਾਰਕੀਟ ਕਮੇਟੀ ਪਾਤੜਾਂ ਦੇ ਸਾਬਕਾ ਚੇਅਰਮੈਨ ਜੈ ਪ੍ਰਤਾਪ ਸਿੰਘ ਡੇਜ਼ੀ ਨੇ ਕਿਹਾ ਹੈ ਕਿ ਆਜ਼ਾਦ ਉਮੀਦਵਾਰ ਬਲਜਿੰਦਰ ਕੌਰ ਦਾ ਪਤੀ ਕੁਲਦੀਪ ਸਿੰਘ ਰੇਡੂ ਅਕਾਲੀ ਦਲ ਦੀ ਜਥੇਬੰਦੀ ਐੱਸਓ ਆਈ ਦਾ ਬਲਾਕ ਪ੍ਰਧਾਨ ਰਿਹਾ ਹੈ ਅਤੇ ਉਸਦੇ ਬੁਲਾਏ ਹੋਏ ਗੁੰਡਿਆਂ ਨੇ ਪੁਲੀਸ ਪ੍ਰਸ਼ਾਸਨ ਉੱਤੇ ਪੱਥਰਬਾਜ਼ੀ ਕੀਤੀ ਗਈ। ਆਪਣੀ ਹਾਰ ਹੁੰਦੀ ਦੇਖ ਕੇ ਉਨ੍ਹਾਂ ਚੋਣ ਦਾ ਸਮਾਂ ਲੰਘਣ ਮਗਰੋਂ ਚੌਕ ਵਿੱਚ ਟਰੈਫਿਕ ਜਾਮ ਕਰਨ ਦਾ ਡਰਾਮਾ ਕੀਤਾ ਹੈ।