ਖੇਤਰੀ ਪ੍ਰਤੀਨਿਧ
ਪਟਿਆਲਾ, 12 ਮਈ
ਮੁਹਾਲੀ ਵਿਖੇ ਵਾਪਰੀ ਬੰਬ ਧਮਾਕੇ ਦੀ ਘਟਨਾ ਮਗਰੋਂ ਇਥੇ ਪ੍ਰਾਚੀਨ ਸ੍ਰੀ ਕਾਲ਼ੀ ਮਾਤਾ ਮੰਦਰ ਦੁਆਲ਼ੇ ਫੇਰ ਸੁਰੱਖਿਆ ਦੇ ਭਾਰੀ ਬੰਦੋਬਸਤ ਕੀਤੇ ਗਏ ਹਨ।
ਹੁਣ ਇਥੇ ਪੁਲੀਸ ਫੋਰਸ ਤਾਇਨਾਤ ਕਰਨ ਸਮੇਤ ਛੇ ਬੰਕਰ ਵੀ ਬਣਾਏ ਗਏ ਹਨ ਜਿਨ੍ਹਾਂ ਵਿਚੋਂ ਕੁਝ ਮੰਦਰ ਦੇ ਸਾਹਮਣੇ, ਪਿੱਛੇ ਅਤੇ ਮੰਦਰ ਦੇ ਕੋਲ਼ ਹੀ ਮਾਲ ਰੋਡ ’ਤੇ ਸੰਗਤਾਂ ਦੇ ਪੈਦਲ ਚੱੱਲ ਕੇ ਸੜਕ ਪਾਰ ਕਰਨ ਲਈ ਬਣਾਏ ਗਏ ਓਵਰਬ੍ਰਿੱਜ ਦੇ ਉਪਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਬੰਕਰਾਂ ’ਚ ਆਧੁਨਿਕ ਹਥਿਆਰਾਂ ਨਾਲ਼ ਲੈਸ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਹੈ। ਇਥੇ ਦਿਨ ’ਚ ਸੌ ਤੇ ਰਾਤ ਨੂੰ ਪੰਜਾਹ ਦੇ ਲਗਪਗ ਮੁਲਾਜ਼ਮਾਂ ਦੀ ਤਾਇਨਾਤੀ ਰਹਿੰਦੀ ਹੈ। ਮੰਦਰ ਦੇ ਬਾਹਰ ਅਤੇ ਆਲ਼ੇ ਦੁਆਲ਼ੇ ਵੀ ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸਥਾਨਕ ਪੁਲੀਸ ਵੱਲੋਂ ਵਿਸ਼ੇਸ਼ ਤੌਰ ’ਤੇ ਇੱਕ ਡਰੋਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਜਿਸ ਜ਼ਰੀਏ ਵੀ ਪੁਲੀਸ ਇਸ ਖੇਤਰ ਨਿਗਾਹ ਰੱਖਦੀ ਹੈ। ਇਸ ਡਰੋਨ ਰਾਹੀਂ ਨਾ ਸਿਰਫ਼ ਕਾਲ਼ੀ ਮਾਤਾ ਮੰਦਰ, ਬਲਕਿ ਇਥੇ ਸਥਿਤ ਇਤਿਹਾਸਕ ਗੁਰਦੁਆਰਾ ਦੂਖਨਿਵਾਰਨ ਸਾਹਿਬ ਅਤੇੇ ਇਸ ਦੇ ਆਲ਼ੇ ਦੁਆਲੇ ਦੇ ਖੇਤਰਾਂ ’ਚ ਵੀ ਨਿਗਾਹ ਰੱਖੀ ਜਾ ਰਹੀ ਹੈ। 29 ਅਪਰੈਲ ਨੂੰ ਪਟਿਆਲਾ ’ਚ ਵਾਪਰੀ ਹਿੰਸਕ ਘਟਨਾ ਸਬੰਧੀ ਭਾਵੇਂ ਕਿ ਸਥਾਨਕ ਸ਼ਹਿਰ ’ਚ ਮਾਹੌਲ ਪੂਰੀ ਤਰ੍ਹਾਂ ਸ਼ਾਂਤਮਈ ਹੈ ਅਤੇ ਸਥਿਤੀ ਕਾਬੂ ਹੇਠ ਹੈ। ਅਸਲ ’ਚ ਮੁਹਾਲੀ ਵਿਖੇ ਪੁਲੀਸ ਵਿਭਾਗ ਦੀ ਇਕ ਇਮਾਰਤ ’ਤੇ ਬੰਬ ਧਮਾਕੇ ਦੀ ਘਟਨਾ ਮਗਰੋਂ ਖੁੂਫੀਆ ਵਿਭਾਗ ਵੱਲੋਂ ਹੋਰਨਾ ਇਮਾਰਤਾਂ, ਖਾਸ ਕਰਕੇ ਕੁਝ ਧਾਰਮਿਕ ਅਸਥਾਨਾਂ ’ਤੇ ਵੀ ਅਜਿਹੇ ਹਮਲੇ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ ਜਿਸ ਮਗਰੋਂ ਹੀ ਇਥੇ ਮੁੜ ਤੋਂ ਪੁਲੀਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਇਸੇ ਤਰ੍ਹਾਂ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੁਆਲ਼ੇ ਵੀ ਪੁਲੀਸ ਦਾ ਪਹਿਰਾ ਵਧਾਇਆ ਗਿਆ ਹੈ ਇਨ੍ਹਾਂ ਦੋਵਾਂ ਅਸਥਾਨਾਂ ’ਤੇ ਸਿਵਲ ਕੱਪੜਿਆਂ ’ਚ ਵੀ ਪੁਲੀਸ ਤਾਇਨਾਤ ਹੈ।