ਪੱਤਰ ਪ੍ਰੇਰਕ
ਸਮਾਣਾ, 30 ਅਕਤੂਬਰ
ਘਰੇਲੂ ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਮਰਦਾਂਹੇੜੀ ’ਚ ਹੋਏ ਲੜਾਈ-ਝਗੜੇ ’ਚ ਚਾਰ ਸਕੇ ਭਰਾਵਾਂ ਅਤੇ ਇੱਕ ਔਰਤ ਸਣੇ ਛੇ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜ਼ਖ਼ਮੀਆਂ ’ਚ ਜੰਗੀਰ ਦਾਸ, ਭੁਪਿੰਦਰ ਦਾਸ, ਰਾਮਪਾਲ ਦਾਸ, ਸੁਖਦੇਵ ਦਾਸ, ਚਰਨਜੀਤ ਕੌਰ ਅਤੇ ਵਿਕਰਮ ਸਿੰਘ ਸ਼ਾਮਲ ਹਨ। ਇਸੇ ਦੌਰਾਨ ਰਾਮਪਾਲ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਵੱਲੋਂ ਉਸ ਨੂੰ ਪਟਿਆਲਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਸੂਚਨਾ ਮਿਲਣ ’ਤੇ ਪੁਲੀਸ ਘਟਨਾ ਵਾਲੀ ਜਗ੍ਹਾ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਮਾਮਲੇ ਸਬੰਧੀ ਸਦਰ ਪੁਲੀਸ ਦੇ ਐੱਸ.ਐੱਚ.ਓ ਇੰਸਪੈਕਟਰ ਮਹਿਮਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਰਾ ਸੁਖਦੇਵ ਦਾਸ ਵੱਲੋਂ ਕਈ ਸਾਲਾਂ ਤੋਂ ਆਪਣੀ ਤੇ ਆਪਣੇ ਭਾਈਆਂ ਦੀ ਲਗਭਗ 5 ਕਨਾਲ ਸਾਂਝੀ ਜ਼ਮੀਨ ’ਤੇ ਖੇਤੀ ਕੀਤੀ ਜਾ ਰਹੀ ਸੀ। ਇਸ ਖੇਤੀ ਦਾ ਕੋਈ ਹਿੱਸਾ ਤੇ ਠੇਕਾ ਨਾ ਮਿਲਣ ’ਤੇ ਐਤਵਾਰ ਸਵੇਰੇ ਜਦੋਂ ਉਸ ਦੇ ਹੋਰ ਭਰਾ ਖ਼ੁਦ ਖੇਤੀ ਕਰਨ ਲਈ ਪਹੁੰਚੇ ਤਾਂ ਸੁਖਦੇਵ ਸਿੰਘ ਨੇ ਆਪਣੇ ਲੋਕਾਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਆਪਣੇ ਭਾਈਆਂ ’ਤੇ ਕਥਿਤ ਤੌਰ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਹਸਪਤਾਲ ਵਿੱਚ ਇਲਾਜ ਅਧੀਨ ਸੁਖਦੇਵ ਦਾਸ ਨੇ ਵੀ ਆਪਣੇ ਭਰਾਵਾਂ ਵੱਲੋਂ ਉਸ ’ਤੇ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਪੁਲੀਸ ਅਧਿਕਾਰੀ ਅਨੁਸਾਰ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਏਗੀ।