ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਮਾਰਚ
ਪਟਿਆਲਾ ਜ਼ਿਲ੍ਹੇ ’ਚ ਕਰੋਨਾ ਨਾਲ ਅੱਜ ਇੱਕ ਹੋਰ ਮੌਤ ਹੋ ਗਈ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਕਰੋਨਾ ਕਾਰਨ ਜਾਨ ਗਵਾਉਣ ਵਾਲ਼ਿਆਂ ਦੀ ਗਿਣਤੀ 550 ਹੋ ਗਈ ਹੈ। ਉਧਰ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੀਹ ਹਜ਼ਾਰ ਤੋਂ ਵੀ ਟੱਪ ਗਈ ਹੈ ਕਿਉਂਕਿ ਐਤਵਾਰ ਨੂੰ 244 ਹੋਰ ਵਿਅਕਤੀ ਪਾਜ਼ੇਟਿਵ ਪਾਏ ਗਏ ਹਨ। ਮਿਸ਼ਨ ਫਤਿਹ ਤਹਿਤ ਅੱਜ 115 ਹੋਰ ਵਿਅਕਤੀ ਠੀਕ ਹੋ ਗਏ ਹਨ ਜਿਸ ਨਾਲ ਠੀਕ ਹੋਣ ਵਾਲ਼ਿਆਂ ਦੀ ਗਿਣਤੀ 17544 ਹੋ ਗਈ ਹੈ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1935 ਹੈ। ਅੱਜ ਪਾਜ਼ੇਟਿਵ ਕੇਸਾਂ ਵਿਚੋਂ 136 ਪਟਿਆਲਾ ਸ਼ਹਿਰ ਤੋਂ ਹਨ। ਜਦਕਿ ਰਾਜਪੁਰਾ ਅਤੇ ਬਲਾਕ ਕੌਲੀ ਤੋਂ 22-22, ਨਾਭਾ ਤੋਂ 15, ਬਲਾਕ ਦੁਧਨਸਾਧਾਂ ਤੋਂ 14, ਬਲਾਕ ਸ਼ੁਤਰਾਣਾ ਤੋਂ 13, ਬਲਾਕ ਹਰਪਾਲਪੁਰ ਤੋਂ 12 ਅਤੇ ਬਲਾਕ ਭਾਦਸੋਂ ਤੋਂ 06 ਕੇਸ ਰਿਪੋਰਟ ਹੋਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਅੱਜ 1203 ਸੈਂਪਲ ਲਏ ਗਏ ਹਨ।
ਇਸੇ ਦੌਰਾਨ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਹੋਰ ਯੂਥ ਕਲੱਬਾਂ ਵੱਲੋਂ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਪਿੰਡਾਂ ਵਿਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਮੌਕੇ ਬਨੀ ਚਹਿਲ ਦਾ ਕਹਿਣਾ ਸੀ ਕਿ ਜੇਕਰ ਹੋਰ ਨਹੀਂ, ਤਾਂ ਲੋਕਾਂ ਨੂੰ ਮਾਸਕ ਪਹਿਨਣ ਲਈ ਜ਼ਰੂਰ ਪ੍ਰੇਰਿਆ ਜਾਵੇੇ। ਇਸ ਮੌਕੇ ਨਵਜੋਤ ਸਿੰਘ, ਲੱਕੀ ਹਰਦਾਸਪੁਰ, ਹਰਵਿੰਦਰ ਚਲੈਲਾ,ਪਰਮਿੰਦਰ ਭਲਵਾਨ, ਰਾਣਾ ਭੱਦਲਥੂਹਾ, ਜਸਪਾਲ ਟਿੱਕਾ, ਜਤਵਿੰਦਰ ਗਰੇਵਾਲ, ਭਿੰਦਰ ਜਲਵੇੜਾ ਆਦਿ ਵੀ ਮੌਜੂਦ ਸਨ।