ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਅਗਸਤ
ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਮਾਈਕਰੋਬਾਇਓਲੋਜੀ ਵਿਭਾਗ ’ਚ ‘ਗਲੋਬਲ ਸੇਫਟੀ ਚੈਲੰਜ ਕਲੀਨ ਕੇਅਰ ਸੇਫ ਕੇਅਰ’ ਵਿਸ਼ੇ ’ਤੇ ਦੋ ਰੋਜ਼ਾ ਕਾਨਫਰੰਸ ਕਰਵਾਈ ਗਈ। ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਇਸ ਕਾਨਫਰੰਸ ਦਾ ਉਦਘਾਟਨ ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿਆ ਪੰਜਾਬ ਅਤੇ ਵੀਸੀ ਬਾਬਾ ਫ਼ਰੀਦ ਯੂਨੀਵਰਸਿਟੀ ਡਾ. ਅਵਨੀਸ਼ ਕੁਮਾਰ ਨੇ ਕੀਤਾ, ਜਿਸ ਦੌਰਾਨ ਸੰਯੁਕਤ ਡਾਇਰੈਕਟਰ ਡਾ. ਅਕਾਸ਼ਦੀਪ ਅਗਰਵਾਲ ਵੀ ਹਾਜ਼ਰ ਸਨ। ਕਾਨਫਰੰਸ ਵਿੱਚ ਡਾ. ਲਲਿਤ ਦਰ, ਡਾ. ਏ.ਐੱਸ. ਵਾਲਨ ਡਾ. ਮਾਲਿਨੀ ਆਰ ਕਪੂਰ, ਡਾ. ਸ਼ੁਕਲਾ ਦਾਸ, ਡਾ. ਡਿੰਪਲ ਕਸਾਨਾ, ਡਾ. ਵਰਸ਼ਾ ਗੁਪਤਾ, ਡਾ. ਮਿੰਨੀ ਪੀ ਸਿੰਘ, ਡਾ. ਵਿਕਾਸ ਗੌਤਮ, ਡਾ. ਸੁਨੀਤਾ ਏ. ਗੰਜੂ, ਡਾ. ਜੀ.ਪੀ. ਐੱਸ. ਗਿੱਲ, ਸਮੇਤ ਜੰਮੂ-ਕਸ਼ਮੀਰ, ਹਿਮਾਚਲ, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਪੰਜਾਬ ਤੋਂ 200 ਤੋਂ ਵੱਧ ਡੈਲੀਗੇਟਾਂ ਨੇ ਸ਼ਿਰਕਤ ਕੀਤੀ।
ਕਾਨਫਰੰਸ ਦੇ ਮੁੱਖ ਆਯੋਜਕ ਡਾ. ਰੁਪਿੰਦਰ ਬਖਸ਼ੀ ਨੇ ਦੱਸਿਆ ਕਿ ਸਿਹਤ ਸੰਭਾਲ ਨਾਲ ਜੁੜੀ ਇਨਫੈਕਸ਼ਨਜ਼ (ਲਾਗ) ਵੱਡੇ ਸੁਰੱਖਿਆ ਮੁੱਦੇ ਹਨ, ਜੋ ਹਰ ਸਾਲ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਇਸ ਕਾਨਫਰੰਸ ਦਾ ਮੁੱਖ ਮਕਸਦ ਇਹੀ ਹੈ ਕਿ ਸਿਹਤ ਸੰਭਾਲ ਨਾਲ ਸਬੰਧਤ ਇਨਫੈਕਸ਼ਨਜ਼ ਨੂੰ ਕਿਵੇਂ ਘੱਟ ਕੀਤਾ ਜਾਵੇ। ਦੇਸ਼ ਵਿੱਚ ਵਧ ਰਹੀ ਇਨਫੈਕਸ਼ਨ ਨਾਲ ਨਜਿੱਠਣ ਲਈ ਸਾਨੂੰ ਪੂਰੀ ਤਰ੍ਹਾਂ ਸਿਹਤ ਸੰਭਾਲ ਪ੍ਰਤੀ ਜਾਗਰੂਕ ਹੋਣਾ ਪਵੇਗਾ। ਇਸ ਮੌਕੇ ਡਾ. ਅਮਰਜੀਤ ਕੌਰ ਗਿੱਲ, ਡਾ. ਗੀਤਾ ਵਾਲੀਆ, ਡਾ. ਨੀਰਜਾ ਜਿੰਦਲ ਅਤੇ ਡਾ. ਅਰੁਣਾ ਅਗਰਵਾਲ ਨੂੰ ਮਾਈਕਰੋਬਾਇਓਲੋਜੀ ਵਿਭਾਗ ਵਿੱਚ ਪਾਏ ਯੋਗਦਾਨ ਲਈ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅੰਤ ’ਚ ਡਾ. ਰੇਨੂੰ ਬਾਂਸਲ ਆਰਗਨਾਈਜ਼ਿੰਗ ਸੈਕਟਰੀ ਨੇ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਡਾ. ਆਰ. ਪੀ. ਐੱਸ. ਸਬਿੀਆ ਵਾਈਸ ਪ੍ਰਿੰਸੀਪਲ, ਪੀ.ਐੱਮ.ਸੀ. ਮੈਂਬਰ ਡਾ. ਵਿਜੈ ਬੋਦਲ ਤੇ ਡਾ. ਵਿਨੋਦ ਡਾਂਗਵਾਲ ਹਾਜ਼ਰ ਸਨ।