ਪੱਤਰ ਪ੍ਰੇਰਕ
ਘਨੌਰ, 31 ਜਨਵਰੀ
ਪਿੰਡ ਕਪੂਰੀ ’ਚ ਬਾਬਾ ਫ਼ਰੀਦ ਮੈਮੋਰੀਅਲ ਸਪੋਰਟਸ ਕਲੱਬ ਵੱਲੋਂ ਇਸ ਦੇ ਪ੍ਰਧਾਨ ਮਲਕੀਤ ਸਿੰਘ, ਹਰਚੰਦ ਸਿੰਘ, ਗੋਲੂ ਸਿੰਘ ਅਤੇ ਕਾਲਾ ਸਿੰਘ ਦੀ ਸਾਂਝੀ ਅਗਵਾਈ ਵਿੱਚ ਸ਼ਹੀਦ ਮਲਕੀਤ ਸਿੰਘ ਯਾਦਗਾਰੀ ਤੀਜਾ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਘਨੌਰ, ਧਨੌਲਾ, ਜੱਸੂ ਕਲੱਬ, ਦੇਵੀਗੜ੍ਹ, ਝਨੇੜੀ, ਕਪਿਆਲ ਅਤੇ ਧਨੌਰੀ ਸਮੇਤ ਕਰੀਬ ਤਿੰਨ ਦਰਜਨ ਟੀਮਾਂ ਨੇ ਭਾਗ ਲਿਆ। ਕਬੱਡੀ ਕੱਪ ਦਾ ਉਦਘਾਟਨ ਕੌਮਾਂਤਰੀ ਕਬੱਡੀ ਖਿਡਾਰੀ ਤੇ ਆਮ ਆਦਮੀ ਪਾਰਟੀ ਦੇ ਸੂਬਾਈ ਜੁਆਇੰਟ ਸਕੱਤਰ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਅਤੇ ਕੌਮਾਂਤਰੀ ਕਬੱਡੀ ਖਿਡਾਰੀ ਖੁਸ਼ਦੀਪ ਸਿੰਘ ਟਿੱਕੂ ਘਨੌਰ ਨੇ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੇ ਹੋਰ ਸਮਾਜਿਕ ਕੁਰੀਤੀਆਂ ਤੋਂ ਬਚਣ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣਾ ਜ਼ਰੂਰੀ ਹੈ। ਇਸ ਮੌਕੇ ਕਪਿਆਲ ਦੀ ਟੀਮ ਪਹਿਲੇ ਅਤੇ ਧਨੌਰੀ ਦੀ ਟੀਮ ਦੂਜੇ ਸਥਾਨ ’ਤੇ ਰਹੀ। ਦੋਵੇਂ ਟੀਮਾਂ ਨੂੰ ਕ੍ਰਮਵਾਰ 41 ਅਤੇ 31 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ।