ਪੱਤਰ ਪ੍ਰੇਰਕ
ਰਾਜਪੁਰਾ, 30 ਅਕਤੂਬਰ
ਇੱਥੋਂ ਦੇ ਗੁਰਦੁਆਰਾ ਸਾਹਿਬ ਡੇਰਾ ਬਾਬਾ ਦੁੱਧਾਧਾਰੀ ਵਿੱਚ ਇੰਟਰਨੈਸ਼ਨਲ ਨਿਰਵੈਰ ਖਾਲਸਾ ਗਤਕਾ ਗਰੁੱਪ ਰਾਜਪੁਰਾ ਵੱਲੋਂ ਇਸ ਦੇ ਪ੍ਰੰਬਧਕਾਂ ਜਥੇਦਾਰ ਕੁਲਦੀਪ ਸਿੰਘ ਅਤੇ ਜਥੇਦਾਰ ਪਰਵਿੰਦਰ ਸਿੰਘ ਦੀ ਦੇਖ ਰੇਖ ਹੇਠ ਬੰਦੀ ਛੋੜ ਦਿਵਸ ਅਤੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਵਾਂ ਨੈਸ਼ਨਲ ਗਤਕਾ ਕੱਪ ਕਰਵਾਇਆ ਗਿਆ। ਇਸ ਵਿੱਚ ਪੰਜਾਬ, ਹਰਿਆਣਾ, ਦਿੱਲੀ ਅਤੇ ਜੰਮੂ ਤੋਂ ਲੜਕੇ ਅਤੇੇ ਲੜਕੀਆਂ ਦੀਆ 22 ਟੀਮਾਂ ਨੇ ਭਾਗ ਲਿਆ। ਇਸ ਮੌਕੇ ਸੰਤ ਮੋਹਨ ਸਿੰਘ ਬਾਰਨ, ਸੰਤ ਗੁਰਦੇਵ ਸਿੰਘ ਬਨੂੜ, ਗਿਆਨੀ ਅਵਤਾਰ ਸਿੰਘ, ਬਾਬਾ ਸੁਰਜੀਤ ਸਿੰਘ, ਬਾਬਾ ਰੋਬਿਨ ਸਿੰਘ ਚੰਗੇਰਾ, ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਗਤਕਾ ਕੱਪ ਦੇ ਮੁਕਾਬਲਿਆਂ ਤੋਂ ਪਹਿਲਾਂ ਨਿਹੰਗ ਸਿੰਘ ਜਥੇਬੰਦੀਆ ਵੱਲੋਂ ਮੁਹੱਲਾ ਸਜਾਇਆ ਗਿਆ। ਗਤਕਾ ਕੱਪ ਮੁਕਾਬਲੇ ਦੀ ਸ਼ੁਰੂਆਤ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੁਬੇਗ ਸਿੰਘ ਸੰਧੂ ਨੇ ਕਰਵਾਈ। ਲੜਕੀਆਂ ਦੀਆਂ ਗਤਕਾ ਟੀਮਾਂ ਦੇ ਮੁਕਾਬਲੇ ਵਿੱਚ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਬੁੱਢਾ ਦਲ ਗਤਕਾ ਅਖਾੜਾ (ਮੁੱਲਾਂਪੁਰ) ਨੇ ਪਹਿਲਾ, ਸਰਦਾਰ ਹਰੀ ਸਿੰਘ ਨਲੂਆ ਗਤਕਾ ਅਖਾੜਾ (ਭੁਚੋ ਖੁਰਦ) ਨੇ ਦੂਜਾ ਅਤੇ ਮੀਰੀ-ਪੀਰੀ ਗਤਕਾ ਅਖਾੜਾ ਲਸੋਈ (ਮਾਲੇਰਕੋਟਲਾ) ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕਿਆਂ ਦੇ ਗਤਕਾ ਮੁਕਾਬਲੇ ਵਿੱਚ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਗਤਕਾ ਅਖਾੜਾ ਬੁੱਢਾ ਦਲ (ਹਸ਼ਨਪੁਰ) ਨੇ ਪਹਿਲਾ, ਭਾਈ ਬਚਿੱਤਰ ਸਿੰਘ ਗਤਕਾ ਅਖਾੜਾ(ਹਠੂਰ) ਨੇ ਦੂਜਾ ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਬੁੱਢਾ ਦਲ ਗਤਕਾ ਅਖਾੜਾ (ਮੁੱਲਾਪੁਰ) ਨੇ ਤੀਜਾ ਸਥਾਨ ਹਾਸਲ ਕੀਤਾ। ਮੁਕਾਬਲੇ ਲਈ ਜਜਮੈਂਟ ਦੀ ਭੁਮਿਕਾ ਸੁਪ੍ਰੀਤ ਸਿੰਘ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਝੱਜਰ ਅਤੇ ਹਰਜਿੰਦਰ ਸਿੰਘ ਕਿੱਲੀ ਬੰਠਿਡਾ ਨੇ ਨਿਭਾਈ। ਜੇਤੂ ਟੀਮਾਂ ਨੂੰ ਪ੍ਰੰਬਧਕਾਂ ਵੱਲੋਂ ਨਕਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਭਾਜਪਾ ਆਗੂ ਜਗਦੀਸ਼ ਕੁਮਾਰ ਜੱਗਾ, ਪ੍ਰਦੀਪ ਕੁਮਾਰ ਨੰਦਾ, ਸਰਕਲ ਪ੍ਰਧਾਨ ਰਣਜੀਤ ਸਿੰਘ ਰਾਣਾ, ਭਾਈ ਅਬਰਿੰਦਰ ਸਿੰਘ ਕੰਗ ਮੌਜੂਦ ਸਨ।