ਸਰਬਜੀਤ ਸਿੰਘ ਭੰਗੂ
ਸਨੌਰ, 4 ਜਨਵਰੀ
ਖੇਤੀ ਵਿਰੋਧੀ ਕਾਨੂੰਨ ਥੋਪਣ ਅਤੇ ਇਨ੍ਹਾਂ ਨੂੰ ਵਾਪਸ ਲੈਣ ਲਈ ਕੇਂਦਰ ਸਰਕਾਰ ਵੱਲੋਂ ਅਪਣਾਏ ਜਾ ਰਹੇ ਅੱਖੜ ਰਵੱੱਈਏ ਦੀ ਨਿੰਦਾ ਕਰਦਿਆਂ, ਹਲਕਾ ਸਨੌਰ ਦੇ ਸੀਨੀਅਰ ਕਾਂਗਰਸ ਆਗੂ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਦੇ ਪਤੀ ਬਲਿਹਾਰ ਸਿੰਘ ਸ਼ਮਸ਼ਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਹਠ ਨੂੰ ਤਿਆਗਦਿਆਂ ਇਹ ਲੋਕ ਮਾਰੂ ਕਾਨੂੰਨ ਰੱਦ ਕਰੇ। ਕਿਉਂਕਿ ਸੀਤ ਲਹਿਰ ਦੇ ਬਾਵਜੂਦ ਕਈ ਦਿਨਾਂ ਤੋਂ ਦਿੱਲੀ ਨੂੰ ਘੇਰੀਂ ਬੈਠੇ ਕਿਸਾਨ ਖਾਲੀ ਹੱਥ ਪਰਤਣ ਵਾਲ਼ੇ ਨਹੀਂ ਹਨ। ਇਥੇ ਜਾਰੀ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਪੰਜਾਬੀ ਮਿਹਨਤੀ, ਅਣਖੀਲੇ, ਯੋਧੇ, ਸੂਰਬੀਰ ਅਤੇ ਲੋਕ ਹਿਤਾਂ ਦੇ ਪਹਿਰਰੇਦਾਰ ਹਨ। ਜਿਸ ਤਹਿਤ ਹੀ ਬਹੁਤ ਘੱਟ ਗਿਣਤੀ ’ਚ ਹੋਣ ਦੇ ਬਾਵਜੂਦ ਦੇਸ਼ ਦੀ ਤਰੱਕੀ ’ਚ ਪੰਜਾਹ ਫੀਸਦੀ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ। ਪਰ ਕੇਂਦਰੀ ਹਕੂਮਤ ਪੰਜਾਬੀਆਂ ਦੇ ਅਜਿਹੇ ਕਿਰਦਾਰ ਨੂੰ ਪਸੰਦ ਨਹੀਂ ਕਰਦੀ। ਜਿਸ ਕਰਕੇ ਹੀ ਸੋਚੀ ਸਮਝੀ ਚਾਲ ਤਹਿਤ ਕਿਸਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਤਾਂ ਜੋ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਆਰਥਿਕ ਢਾਹ ਲਾਈ ਜਾ ਸਕੇ। ਉਨ੍ਹਾਂ ਮੰਗ ਕੀਤੀ ਕੇਂਦਰ ਸਰਕਾਰ ਤੁਰੰਤ ਇਹ ਕਾਨੂੰਨ ਰੱਦ ਕਰੇ।