ਖੇਤਰੀ ਪ੍ਰਤੀਨਿਧ
ਪਟਿਆਲਾ, 11 ਨਵੰਬਰ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਆਗੂ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਹਰਨੇਕ ਸਿੰਘ ਮਹਿਮਾ ਅਤੇ ਕਿਸਾਨ ਵਰਕਰਾਂ ਤੇ ਅਕਾਲੀ ਆਗੂਆਂ ਵੱਲੋਂ ਫਿਰੋਜ਼ਪੁਰ ਵਿਖੇ ਜਾਨਲੇਵਾ ਹਮਲਾ ਕਰਨ ਦੀ ਘਟਨਾ ਦੀ ਜਥੇਬੰਦੀ ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਫਿਰੋਜ਼ਪੁਰ ਵਿਖੇ ਅਕਾਲੀ ਲੀਡਰ ਹਰਸਿਮਰਤ ਕੌਰ ਬਾਦਲ ਦੀ ਫਿਰੋਜ਼ਪੁਰ ਫੇਰੀ ਮੌਕੇ ਕਾਲੇ ਝੰਡੇ ਦਿਖਾਏ ਜਾਣ ਅਤੇ ਸਵਾਲ ਕਰਨ ਦੀ ਮੰਗ ਕਰਨ ’ਤੇ 2 ਅਕਾਲੀ ਲੀਡਰਾਂ ਨੇ ਕਾਰ ਦੇ ਬੌਨਟ ’ਤੇ ਡੇਢ ਕਿਲੋਮੀਟਰ ਤਕ ਹਰਨੇਕ ਸਿੰਘ ਮਹਿਮਾ ਨੂੰ ਘੜੀਸ ਕੇ ਗੱਡੀ ਹੇਠਾਂ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਅਕਾਲੀ ਆਗੂਆਂ ਵਲੋਂ ਗੋਲੀ ਵੀ ਚਲਾਈ ਗਈ। ਇਸ ਹਮਲੇ ’ਚ ਕਿਸਾਨ ਵਰਕਰ ਜ਼ਖ਼ਮੀ ਵੀ ਹੋਏ।
ਕਿਸਾਨ ਆਗੂਆਂ ਨੇ ਅਕਾਲੀ ਦਲ ਦੇ ਹਮਲਾਵਰਾਂ ਖਿਲਾਫ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਗੁੰਡਾਗਰਦੀ ਖਿਲਾਫ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਮੋਰਚੇ ਦੇ ਸੱਦੇ ਅਨੁਸਾਰ ਹੀ ਕਿਸਾਨ ਅਕਾਲੀ ਲੀਡਰ ਨੂੰ ਸਵਾਲ ਕਰਨ ਲਈ ਇਕੱਠੇ ਹੋਏ ਸਨ ਤੇ ਇਹ ਲੋਕਾਂ ਦਾ ਜਮਹੂਰੀ ਹੱਕ ਹੈ।