ਰਵੇਲ ਸਿੰਘ ਭਿੰਡਰ
ਪਟਿਆਲਾ, 7 ਮਾਰਚ
ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦੀ ਸੰਪੂਰਨਤਾ ਦੇਰ ਰਾਤ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਹੋਈ। ਨਗਰ ਕੀਰਤਨ ਗੁਰੂ ਸਾਹਿਬ ਦੇ ਚਰਨਛੋਹ ਅਸਥਾਨਾਂ ਤੋਂ ਹੁੰਦਾ ਛੇ ਦਿਨਾਂ ਬਾਅਦ ਦੇਰ ਰਾਤ ਪਟਿਆਲਾ ਸ਼ਹਿਰ ਪੁੱਜਿਆ ਅਤੇ ਮੁੱਖ ਮਾਰਗ ਤੋਂ ਹੁੰਦਾ ਹੋਇਆ ਸ਼ੇਰਾਂਵਾਲਾ ਗੇਟ ਰਾਹੀਂ ਸ਼ਹਿਰ ’ਚ ਦਾਖਲ ਹੋਇਆ।
ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਮਗਰੋਂ ਨਗਰ ਕੀਰਤਨ ਦੀ ਸੰਪੂਰਨਤਾ ਕੀਤੀ ਗਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰਾ ਸਾਹਿਬ ਵਿਖੇ ਸੱਚਖੰਡ ’ਚ ਬਿਰਾਜਮਾਨ ਕੀਤਾ ਗਿਆ।
ਨਗਰ ਕੀਰਤਨ ਦਾ ਸ਼ਹਿਰ ਦੀਆਂ ਸਿੱਖ ਸਭਾਵਾਂ, ਸੁਸਾਇਟੀਆਂ ਅਤੇ ਸ਼ਬਦੀ ਜਥਿਆਂ ਤੋਂ ਇਲਾਵਾ ਰਾਜਨੀਤਕ, ਸਮਾਜਕ ਅਤੇ ਧਾਰਮਕ ਸਖਸ਼ੀਅਤਾਂ ਨੇ ਨਿੱਘਾ ਸਵਾਗਤ ਕੀਤਾ। ਗੁਰਦੁਆਰਾ ਸਾਹਿਬ ਵਿਖੇ ਪਾਲਕੀ ਸਾਹਿਬ ਪੁੱਜਣ ਮੌਕੇ ਸੰਗਤ ਵੱਲੋਂ ਕੀਤੀ ਗਈ ਆਤਿਸ਼ਬਾਜ਼ੀ ਅਤੇ ਡਰੋਨ ਹੈਲੀਕਾਪਟਰ ਰਾਹੀਂ ਹੋਈ ਫੁੱਲਾਂ ਦੀ ਵਰਖਾ ਯਾਦਗਾਰੀ ਅਤੇ ਖਿੱਚ ਦਾ ਕੇਂਦਰ ਬਣ ਗਈ। ਗਤਕੇ ਦੇ ਜੌਹਰ ਵੀ ਕਮਾਲ ਦੇ ਰਹੇੇ। ਗੁਰਦੁਆਰਾ ਸਾਹਿਬ ਵਿਖੇ ਅੰਤ੍ਰਿੰਗ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਸ਼ਿਵੰਦਰ ਸਿੰਘ ਸੱਭਰਵਾਲ, ਬੀਬੀ ਕੁਲਦੀਪ ਕੌਰ ਟੌਹੜਾ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ਦੌਰਾਨ ਸਹਿਯੋਗ ਕਰਨ ਵਾਲੀਆਂ ਸ਼ਹਿਰ ਦੀਆਂ ਸਮੁੱਚੀਆਂ ਸੇਵਾ ਸੁਸਾਇਟੀਆਂ, ਜਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।
ਨਗਰ ਕੀਰਤਨ ਦਾ ਸਵਾਗਤ ਕਰਨ ਮੌਕੇ ਸੰਤ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲੇ, ਸੰਤ ਬਾਬਾ ਹਰਚਰਨ ਸਿੰਘ ਨਾਨਕਸਰ ਕੁਟੀਆ ਵਾਲੇ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਭਾਈ ਅਜਮੇਰ ਸਿੰਘ ਜੀ ਅੰਗੀਠਾ ਸਾਹਿਬ ਵਾਲੇ, ਮੁੱਖ ਪ੍ਰਬੰਧਕ ਭਾਈ ਗੁਰਦੀਪ ਸਿੰਘ, ਇੰਦਰਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਜੀਤਪਾਲਸਿੰਘ ਕੋਹਲੀ, ਅਮਰਿੰਦਰ ਸਿੰਘ ਬਜਾਜ, ਜਗਜੀਤ ਸਿੰਘ ਕੋਹਲੀ, ਲਖਵੀਰ ਸਿਘ ਲੌਟ ਤੋਂ ਇਲਾਵਾ ਗੁਰੂ ਅਰਜਨ ਕੀਰਤਨ ਮੰਡਲ, ਸ੍ਰੀ ਗੁਰੂ ਗੋਬਿੰਦ ਸਿੰਘ ਗੁਰਮਤਿ ਸੰਗੀਤ ਅਕੈਡਮੀ, ਇੰਟਰਨੈਸ਼ਨਲ ਰਾਗੀ ਸਭਾ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।
ਨਗਰ ਕੀਰਤਨ ਦਾ ਨਿੱਘਾ ਸਵਾਗਤ
ਰਾਜਪੁਰਾ (ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ (ਸ਼ਤਾਬਦੀ) ਨੂੰ ਸਮਰਪਿਤ ਛੇ ਰੋਜ਼ਾ ਦਰਸ਼ਨ ਦੀਦਾਰ ਨਗਰ ਕੀਰਤਨ ਦਾ ਰਾਜਪੁਰਾ ਖੇਤਰ ਵਿੱਚ ਸਵਾਗਤ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਜਾ ਰਹੇ ਇਸ ਨਗਰ ਕੀਰਤਨ ਦਾ ਸ਼ਹਿਰੀ ਖੇਤਰ ਵਿੱਚ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਗੁਰਧਿਆਨ ਸਿੰਘ, ਐਡਵੋਕੇਟ ਸੁਵੇਗ ਸਿੰਘ ਸੰਧੂ, ਜਥੇਦਾਰ ਮਹਿੰਦਰ ਸਿੰਘ, ਸੁਰਜੀਤ ਸਿੰਘ, ਇੰਦਰਜੀਤ ਸਿੰਘ, ਪ੍ਰਿਤਪਾਲ ਸਿੰਘ ਕੁਕੂ ਅਤੇ ਭਾਈ ਅਬਰਿੰਦਰ ਸਿੰਘ ਕੰਗ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸੁਖਮਨੀ ਸੇਵਾ ਸੁਸਾਇਟੀ ਪੁਰਾਣੀ ਕਚਹਿਰੀ, ਫੋਆਰਾ ਚੌਂਕ, ਟਾਹਲੀ ਵਾਲਾ ਚੌਕ ਵਿੱਚ ਸਵਾਗਤ ਕੀਤਾ ਗਿਆ। ਸੰਗਤ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁੱਮਾਲੇ ਅਤੇ ਪੰਜ ਪਿਆਰਿਆਂ ਨੂੰ ਸਿਰਪਾਓ ਭੇਟ ਕੀਤੇ ਗਏ। ਵੱਡੀ ਗਿਣਤੀ ਸੰਗਤ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਈਆ। ਇਸੇ ਦੌਰਾਨ ਦਿਹਾਤੀ ਖੇਤਰ ਵਿੱਚ ਪਿੰਡ ਦਮਨਹੇੜੀ, ਤਖਤੂਮਾਜਰਾ, ਗੁਰਦੁਆਰਾ ਨਿੰਮ ਸਾਹਿਬ ਆਕੜੀ, ਪਾਤਸ਼ਾਹੀ ਨੌਵੀਂ ਨਰੜੂ, ਨੱਥੂਮਾਜਰਾ, ਪਾਤਸ਼ਾਹੀ ਨੌਵੀਂ ਸੇਖੂਪੁਰ, ਸੀਲ ਸਮੇਤ ਇਸ ਖੇਤਰ ਵਿੱਚ ਗੁਰੂ ਚਰਨਾਂ ਦੇ ਛੋਹ ਪ੍ਰਾਪਤ ਪਵਿੱਤਰ ਧਰਤੀ ’ਤੇ ਸ਼ਸ਼ੋਭਿਤ ਅਸਥਾਨਾਂ ਤੋਂ ਹੁੰਦਾ ਹੋਇਆ ਪਟਿਆਲਾ ਨੂੰ ਚਾਲੇ ਪਾਏ।