ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 20 ਮਈ
ਇਥੇ ਬੀ.ਐੱਸ.ਐੱਨ.ਐੱਲ ਟਾਵਰ ’ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ ਅੱਜ ਦੋ ਮਹੀਨੇ ਬਾਅਦ ਵੀ ਸੰਘਰਸ਼ ਕਰਨ ਲਈ ਬਜਿੱਦ ਰਹੇ। ਭਾਵੇਂ ਇਨ੍ਹਾਂ ਸੰਘਰਸ਼ੀ ਕਾਰਕੁਨਾਂ ਨੂੰ ਟਾਵਰ ’ਤੇ ਚੜ੍ਹਿਆਂ ਅੱਜ ਦੋ ਮਹੀਨੇ ਹੋ ਗਏ ਹਨ ਪਰ ਪੰਜਾਬ ਵੱਲ ਵਧ ਰਹੇ ਤਾਊਤੇ ਤੂਫ਼ਾਨ ਦੇ ਖਤਰਿਆਂ ਤੋਂ ਵੀ ਪ੍ਰਸ਼ਾਸਨ ਹਰਕਤ ’ਚ ਨਹੀਂ ਆਇਆ, ਲਿਹਾਜ਼ਾ ਦੋਵੇਂ ਕਾਰਕੁਨ 200 ਫੁੱਟ ਉਚਾਈ ’ਤੇ ਪਹਿਲਾਂ ਵਾਂਗ ਹੀ ਬੈਠੇ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਨੁਮਾਇੰਦੇ ਵੱਲੋਂ ਲੰਘੇ ਕੱਲ ਈਟੀਟੀ ਟੈਟ ਪਾਸ ਬੇਰੁਜ਼ਗਾਰ ਯੂਨੀਅਨ ਦੇ ਇੱਕ ਵਫ਼ਦ ਨਾਲ ਟਾਵਰ ਚੜ੍ਹੇ ਸੰਘਰਸ਼ੀਆਂ ਦੀਆਂ ਮੰਗਾਂ ਸਬੰਧੀ ਦੁਵੱਲੀ ਬੈਠਕ ਕੀਤੀ ਪਰ ਮੰਗਾਂ ਸਬੰਧੀ ਲਿਖਤੀ ਭਰੋਸਾ ਨਾ ਦੇਣ ਤੋਂ ਗੱਲਬਾਤ ਆਖਿਰ ਬੇਸਿੱਟਾ ਹੀ ਰਹੀ ਹੈ। ਦੱਸਣਯੋਗ ਹੈ ਕਿ ਦੋਵੇਂ ਟਾਵਰ ਸੰਘਰਸ਼ੀਆਂ ਦੀ ਪਹਿਲਾਂ ਹੀ ਸਿਹਤ ਨਾਸਾਜ਼ ਚੱਲ ਰਹੀ ਹੈ ਤੇ ਅਜਿਹੇ ਦੌਰਾਨ ਭਾਰੀ ਤੂਫ਼ਾਨ ਉਨ੍ਹਾਂ ਲਈ ਹੋਰ ਵੀ ਭਾਰੀ ਪੈ ਸਕਦਾ ਹੈ। ਯੂਨੀਅਨ ਦੇ ਸੂਬਾਈ ਪ੍ਰਧਾਨ ਦੀਪਕ ਕੰਬੋਜ ਨੇ ਅੱਜ ਸੰਘਰਸ਼ ਵਾਲੀ ਜਗ੍ਹਾ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਗਿਲਾ ਕੀਤਾ ਕਿ ਟਾਵਰ ’ਤੇ ਚੜ੍ਹਿਆਂ ਸੰਘਰਸ਼ੀ ਅਧਿਆਪਕਾਂ ਦੇ ਦੋ ਮਹੀਨੇ ਗੁਜ਼ਰਨ ਦੇ ਬਾਵਜੂਦ ਪੰਜਾਬ ਸਰਕਾਰ ਬੇਰੁਜ਼ਗਾਰ ਦੀ ਸਾਰ ਲੈਣ ਤੋਂ ਕੰਨੀ ਕਤਰਾ ਰਹੀ ਹੈ, ਜਿਸ ਨਾਲ ਬੇਰੁਜ਼ਗਾਰ ਅਧਿਆਪਕਾਂ ’ਚ ਆਏ ਦਿਨ ਰੋਸ ਦੀ ਲਹਿਰ ਵੱਧ ਰਹੀ ਹੈ। ਇਸ ਮੌਕੇ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਸਮੇਤ ਹੋਰ ਬੇਰੁਜ਼ਗਾਰ ਸੰਘਰਸ਼ੀਆਂ ਨੇ ਵੀ ਸ਼ਿਰਕਤ ਕੀਤੀ।