ਹਰਦੀਪ ਸਿੰਘ ਭੰਗੂ
ਭਾਦਸੋਂ, 27 ਸਤੰਬਰ
ਸੰਯੁਕਤ ਕਿਸਾਨ ਮੋਰਚਾ ਦੇ ਭਾਰਤ ਬੰਦ ਸੱਦੇ ’ਤੇ ਇਲਾਕਾ ਭਾਦਸੋਂ ਮੁਕੰਮਲ ਬੰਦ ਰਿਹਾ। ਇਸ ਦੌਰਾਨ ਚਹਿਲ, ਦਿੱਤੂਪੁਰ, ਸਹੌਲੀ ਅੱਡਾ ਵੀ ਪੂਰੀ ਤਰ੍ਹਾਂ ਬੰਦ ਰਹੇ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸਥਾਨਕ ਇਕਾਈ ਦੀ ਅਗਵਾਈ ਹੇਠ ਚਹਿਲ ਟੌਲ ਪਲਾਜ਼ਾ ਨੇੜੇ ਵੱਡੀ ਇਕੱਤਰਤਾ ਕਰਕੇ ਪ੍ਰਦਰਸ਼ਨ ਵੀ ਕੀਤਾ ਗਿਆ। ਵਪਾਰ ਮੰਡਲ ਭਾਦਸੋਂ ਨਾਲ ਜੁੜੀਆਂ ਕੁੱਝ ਐਸੋਸੀਏਸ਼ਨਾਂ ਨੇ ਆਪਣੇ ਕਾਰੋਬਾਰ ਪੂਰੀ ਤਰਾਂ ਬੰਦ ਰੱਖੇ ਤੇ ਚੱਕਾ ਜਾਮ ਰਿਹਾ। ਗੁਰਦੁਆਰਾ ਰੋੜੀ ਸਾਹਿਬ ਚਹਿਲ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਕਿਸਾਨ ਬੀਬੀਆਂ ਵੱਡੀ ਗਿਣਤੀ ਵਿੱਚ ਪੁੱਜੀਆਂ ਤੇ ਪਿੰਡ ਚਹਿਲ ਦੀਆਂ ਮਹਿਲਾਵਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ ਗਿਆ।